ਆਲੂ ਦੇ ਬੀਜ ਲਈ ਸੀਡ ਪਲਾਟ ਤਕਨੀਕ
ਅਮਨਦੀਪ ਕੌਰ, ਸੁਮਨ ਕੁਮਾਰੀ ਅਤੇ ਹਰਿੰਦਰ ਸਿੰਘ*
ਸਬਜ਼ੀਆਂ ਵਿੱਚ ਆਲੂ ਮਹੱਤਵਪੂਰਨ ਫ਼ਸਲ ਹੈ। ਪੰਜਾਬ ਵਿੱਚ ਆਲੂਆਂ ਦੀ ਕਾਸ਼ਤ 110.47 ਹਜ਼ਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ 3050.04 ਹਜ਼ਾਰ ਟਨ ਹੈ। ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਆਲੂਆਂ ਦੀ ਉਤਪਾਦਕਤਾ ਕਾਫ਼ੀ ਜ਼ਿਆਦਾ ਹੈ ਅਤੇ ਇੱਥੇ ਪੈਦਾ ਕੀਤਾ ਗਿਆ ਬੀਜ ਆਲੂ ਵੱਖ-ਵੱਖ ਸੂਬਿਆਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ, ਬਿਹਾਰ, ਕਰਨਾਟਕਾ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼ ਆਦਿ। ਪੰਜਾਬ ਦੇ ਆਲੂਆਂ ਹੇਠ ਰਕਬੇ ਦਾ 50 ਪ੍ਰਤੀਸ਼ਤ ਯੋਗਦਾਨ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਪਾਉਂਦੇ ਹਨ। ਕਿਸੇ ਵੀ ਫ਼ਸਲ ਤੋਂ ਮਿਆਰੀ ਬੀਜ ਅਤੇ ਵੱਧ ਝਾੜ ਲੈਣ ਲਈ ਬੀਜ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੀਜ ਇੱਕ ਮਹੱਤਵਪੂਰਨ ਨਿਵੇਸ਼ ਹੈ ਜੋ ਉਤਪਾਦਨ ਦੀ ਕੁੱਲ ਲਾਗਤ ਦਾ 50 ਫ਼ੀਸਦੀ ਹਿੱਸਾ ਬਣਦਾ ਹੈ। ਬਿਨਾਂ ਬਦਲੇ ਇੱਕੋ ਬੀਜ ਦੀ ਲਗਾਤਾਰ ਵਰਤੋਂ ਨਾਲ ਬੀਜ ਦੀ ਗੁਣਵੱਤਾ ਘਟਦੀ ਹੈ। ਮੈਦਾਨੀ ਇਲਾਕਿਆਂ ਵਿੱਚ ਸੀਡ ਪਲਾਟ ਤਕਨੀਕ ਰਾਹੀਂ ਆਲੂ ਦਾ ਮਿਆਰੀ ਬੀਜ ਸਫ਼ਲਤਾਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੁੱਖ ਮੰਤਵ ਹੈ, ਪੰਜਾਬ ਵਿੱਚ ਉਸ ਸਮੇਂ ਆਲੂ ਦੀ ਨਿਰੋਗ ਫ਼ਸਲ ਲੈਣੀ ਜਦੋਂ ਤੇਲੇ ਦੀ ਗਿਣਤੀ ਘੱਟ ਤੋਂ ਘੱਟ ਹੋਵੇ ਤਾਂ ਜਾਂ ਵਿਸ਼ਾਣੂ ਰੋਗ ਨਾ ਫੈਲ ਸਕਣ।
ਸੀਡ ਪਲਾਟ ਤਕਨੀਕ ਰਾਹੀਂ ਬੀਜ ਆਲੂ ਤਿਆਰ ਕਰਨ ਦੀ ਵਿਧੀ:
• ਬੀਜ ਆਲੂ ਤਿਆਰ ਕਰਨ ਲਈ ਉਹ ਖੇਤ ਚੁਣੋ ਜਿਹੜਾ ਕਿ ਬਿਮਾਰੀ ਫੈਲਾਉਣ ਵਾਲੇ ਜੀਵਾਣੂ/ਉੱਲੀ ਆਦਿ ਜਿਵੇਂ ਕਿ ਖਰੀਂਡ ਰੋਗ ਅਤੇ ਆਲੂਆਂ ਦਾ ਕੋਹੜ ਆਦਿ ਤੋਂ ਰਹਿਤ ਹੋਵੇ।
• ਬਿਜਾਈ ਲਈ ਵਰਤਿਆ ਜਾਣ ਵਾਲਾ ਬੀਜ ਸਿਹਤਮੰਦ ਅਤੇ ਵਿਸ਼ਾਣੂ ਮੁਕਤ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਬੀਜ ਕਿਸੇ ਭਰੋਸੇਯੋਗ ਅਦਾਰੇ ਤੋਂ ਖ਼ਰੀਦੋ। ਕੋਲਡ ਸਟੋਰ ਤੋਂ ਆਏ ਹੋਏ ਆਲੂਆਂ ਨੂੰ ਛਾਂਟ ਕੇ ਬਿਮਾਰੀ ਵਾਲੇ ਅਤੇ ਗਲੇ-ਸੜੇ ਆਲੂਆਂ ਨੂੰ ਜ਼ਮੀਨ ਵਿੱਚ ਡੂੰਘਾ ਦਬਾ ਦਿਉ।
• ਕੋਲਡ ਸਟੋਰ ਤੋਂ ਲਿਆਂਦੇ ਗਏ ਆਲੂਆਂ ਨੂੰ ਤੁਰੰਤ ਨਾ ਬੀਜੋ। ਬਿਜਾਈ ਤੋਂ 10-15 ਦਿਨ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਬਾਹਰ ਕੱਢ ਲਉ ਅਤੇ ਬਲੋਅਰ ਆਦਿ ਜਾਂ ਛਾਂਵੇ ਰੱਖ ਕੇ ਹਵਾਦਾਰ ਥਾਂ ’ਤੇ ਸੁਕਾ ਲਵੋ।
• ਬਿਜਾਈ ਤੋਂ ਪਹਿਲਾਂ ਆਲੂਆਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਫ਼ਸਲ ਨੂੰ ਖਰੀਂਢ ਰੋਗ ਅਤੇ ਆਲੂਆਂ ਦੇ ਕੋਹੜ ਆਦਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਬੀਜ ਨੂੰ ਸੋਧਣ ਲਈ ਆਲੂਆਂ ਨੂੰ 10 ਮਿੰਟ ਲਈ ਸਿਸਟੀਵਾ 333 ਗ੍ਰਾਮ/ ਲਿਟਰ ਜਾਂ ਇਸੀਸਟੋ ਪ੍ਰਾਈਮ ਜਾਂ 250 ਮਿ. ਲਿ. ਮੋਨਸਰਨ 250 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ 10 ਮਿੰਟ ਲਈ ਡੁਬੋ ਕੇ ਰੱਖੋ।
• ਸੋਧੇ ਹੋਏ ਆਲੂਆਂ ਨੂੰ 8-10 ਦਿਨਾਂ ਲਈ ਪਤਲੀਆਂ ਪਰਤਾਂ ਵਿੱਚ ਛਾਂਦਾਰ ਅਤੇ ਖੁੱਲ੍ਹੀ ਜਗ੍ਹਾ ਵਿੱਚ ਰੱਖੋ ਤਾਂ ਜੋ ਉਹ ਬਿਜਾਈ ਤੱਕ ਪੁੰਗਰ ਸਕਣ। ਪੁੰਗਰੇ ਹੋਏ ਆਲੂ ਵਰਤਣ ਨਾਲ ਫ਼ਸਲ ਦਾ ਜੰਮ੍ਹ ਵਧੀਆ ਅਤੇ ਇਕਸਾਰ ਹੁੰਦਾ ਹੈ, ਬੀਜ ਆਕਾਰ ਦੇ ਆਲੂ ਜ਼ਿਆਦਾ ਮਿਲਦੇ ਹਨ ਅਤੇ ਝਾੜ ਜ਼ਿਆਦਾ ਮਿਲਦਾ ਹੈ। ਫਾਊਂਡੇਸ਼ਨ ਬੀਜ ਤਿਆਰ ਕਰਨ ਲਈ ਘੱਟੋ-ਘੱਟ 25 ਮੀਟਰ ਜਦੋਂਕਿ ਪ੍ਰਮਾਣਿਤ ਬੀਜ ਲਈ 10 ਮੀਟਰ ਦੀ ਦੂਰੀ ਚਾਹੀਦੀ ਹੈ।
• ਫ਼ਸਲ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ 50X15 ਸੈਂਟੀਮੀਟਰ ਦੀ ਦੂਰੀ ’ਤੇ ਕਰੋ। ਮਸ਼ੀਨ ਨਾਲ ਬਿਜਾਈ ਲਈ ਇਹ ਫ਼ਾਸਲਾ 65X15 ਜਾਂ 75X15 ਸੈਂਟੀਮੀਟਰ ਰੱਖੋ। 40-50 ਗ੍ਰਾਮ ਭਾਰ ਦੇ 12-18 ਕੁਇੰਟਲ ਆਲੂ ਇੱਕ ਏਕੜ ਦੀ ਬਿਜਾਈ ਲਈ ਕਾਫ਼ੀ ਹਨ। ਇਕ ਏਕੜ ਦੀ ਫ਼ਸਲ ਦੇ ਬੀਜ ਤੋਂ 8-10 ਏਕੜ ਫ਼ਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।
• ਤੇਲਾ ਜੋ ਕਿ ਵਿਸ਼ਾਣੂ ਰੋਗ ਜਿਵੇਂ ਕਿ ਪੋਟੇਟੋ ਵਾਇਰਸ, ਪੋਟੇਟੋ ਵਾਇਰਸ ਨੂੰ ਫੈਲਾਅ ਕੇ ਬੀਜ ਦੀ ਗੁਣਵੱਤਾ ਘਟਾਉਂਦਾ ਹੈ, ਇਸ ਤੋਂ ਬਚਾਅ ਲਈ ਫ਼ਸਲ ਨੂੰ 300 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਅੋਕਸੀਡੈਮੀਟੋਨ ਸੀਥਾਇਲ) ਨੂੰ 80-100 ਲਿਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਮੈਟਾਸਿਸਟਾਕਸ ਦਾ ਛਿੜਕਾਅ ਕਦੇ ਵੀ ਆਲੂ ਪੁੱਟਣ ਦੇ ਤਿੰਨ ਹਫ਼ਤੇ ਦੇ ਅੰਦਰ ਨਾ ਕਰੋ। ਨਦੀਨਾਂ ਤੋਂ ਬਚਾਅ ਲਈ ਸੈਨਕੋਰ 70 ਡਬਲਯੂ ਪੀ 200 ਗ੍ਰਾਮ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ੍ਹ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ।
• ਬੀਜ ਵਾਲੀ ਫ਼ਸਲ ਨੂੰ ਦੂਜੀ ਕਿਸਮ ਦੇ ਬੂਟੇ ਅਤੇ ਬਿਮਾਰੀ ਵਾਲੇ ਬੂਟਿਆਂ ਤੋਂ ਮੁਕਤ ਰੱਖਣ ਲਈ ਫ਼ਸਲ ਦਾ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ, ਪਹਿਲਾਂ ਨਿਰੀਖਣ ਬਿਜਾਈ ਤੋਂ 50 ਦਿਨ ਬਾਅਦ, ਦੂਜਾ ਨਿਰੀਖਣ 65 ਦਿਨ ਤੇ ਤੀਜਾ 80 ਦਿਨਾਂ ਬਾਅਦ ਕਰੋ।
• ਪਹਿਲੀ ਸਿੰਜਾਈ ਬਿਜਾਈ ਤੋਂ ਤੁਰੰਤ ਬਾਅਦ ਅਤੇ ਹਲਕੀ ਕਰੋ। ਸਿੰਜਾਈ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਚੜ੍ਹੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਜੰਮ੍ਹ ਅਤੇ ਵਾਧੇ ’ਤੇ ਮਾੜਾ ਅਸਰ ਪੈਂਦਾ ਹੈ। ਹਲਕੀਆਂ ਜ਼ਮੀਨਾਂ ਵਿੱਚ 5-7 ਦਿਨ ਦੇ ਵਕਫ਼ੇ ਅਤੇ ਭਾਰੀਆਂ ਜ਼ਮੀਨਾਂ ਵਿੱਚ 8-10 ਦੇ ਵਕਫ਼ੇ ’ਤੇ ਸਿੰਜਾਈ ਕਰੋ।
• ਆਲੂਆਂ ਦੀ ਫ਼ਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਕੁਝ ਹੀ ਦਿਨਾਂ ਵਿੱਚ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਨਵੰਬਰ ਦੇ ਪਹਿਲੇ ਹਫ਼ਤੇ ਫ਼ਸਲ ਤੇ ਇੰਡੋਫਿਲ ਐਮ 45/ਕਵਚ/ ਐਂਟਰਾਕੋਲ 500-700 ਗ੍ਰਾਮ ਪ੍ਰਤੀ ਏਕੜ ਨੂੰ 250-350 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 7-7 ਦਿਨ ਦੇ ਵਕਫ਼ੇ ’ਤੇ ਇਸ ਛਿੜਕਾਅ ਨੂੰ 5 ਵਾਰ ਦੁਹਰਾਉ। ਜਿੱਥੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ, ਤੀਜਾ ਤੇ ਚੌਥਾ ਛਿੜਕਾਅ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਵਕਫ਼ੇ ’ਤੇ ਛਿੜਕਾਅ ਕਰੋ।
• 25 ਦਸੰਬਰ ਤੋਂ ਪਹਿਲਾਂ ਪਹਿਲਾਂ ਜਦੋਂ ਬੀਜ ਵਾਲੇ ਆਲੂ ਦਾ ਭਾਰ 50 ਗ੍ਰਾਮ ਤੋਂ ਘੱਟ ਹੋਵੇ ਅਤੇ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋਣ ਤਾਂ ਵੇਲਾ ਕੱਟ ਦਿਉ।
• ਵੇਲਾ ਕੱਟਣ ਤੋਂ ਬਾਅਦ ਆਲੂਆਂ ਨੂੰ 15-20 ਦਿਨਾਂ ਲਈ ਜ਼ਮੀਨ ਵਿੱਚ ਹੀ ਰਹਿਣ ਦਿਉ ਤਾਂ ਜੋ ਆਲੂ ਦੀ ਚਮੜੀ ਸਖ਼ਤ ਹੋ ਜਾਵੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਜਾਣ। ਪੁਟਾਈ ਤੋਂ ਬਾਅਦ ਆਲੂਆਂ ਨੂੰ 15-20 ਦਿਨ ਲਈ ਛਾ ਵਾਲੀ ਥਾਂ ’ਤੇ ਢੇਰਾਂ ਵਿੱਚ ਰੱਖੋ।
• ਆਲੂਆਂ ਦੀ ਸ਼ਾਂਟੀ ਕਰ ਕੇ ਖ਼ਰਾਬ ਅਤੇ ਕੱਟ ਲੱਗੇ ਆਲੂ ਵੱਖਰੇ ਕਰ ਲਉ। ਬਾਅਦ ਵਿੱਚ ਆਲੂਆਂ ਦੀ ਦਰਜਾਬੰਦੀ ਕਰ ਕੇ ਉਨ੍ਹਾਂ ਨੂੰ ਕੀਟਾਣੂ-ਰਹਿਤ ਥੈਲਿਆਂ ਵਿੱਚ ਭਰ ਲਉ ਅਤੇ ਸੀਲ ਬੰਦ ਕਰ ਦਿੳ। ਇਹ ਆਲੂ ਅਗਲੇ ਸਾਲ ਵਰਤਣ ਲਈ ਸਤੰਬਰ ਤੱਕ ਕੋਲਡ ਸਟੋਰ ਵਿੱਚ ਰੱਖੋ, ਜਿੱਥੇ ਤਾਪਮਾਨ 2-4º ਸੈਂਟੀਗ੍ਰੇਡ ਹੋਵੇ ਅਤੇ ਨਮੀ ਦੀ ਮਾਤਰਾ 75-80% ਹੋਵੇ।
• ਇਸ ਵਿਧੀ ਨਾਲ ਤਿਆਰ ਕੀਤਾ ਬੀਜ ਆਲੂ ਅਰੋਗ ਤੇ ਵਿਸ਼ਾਣੂ ਰੋਗਾਂ ਤੋਂ ਰਹਿਤ ਹੋਵੇਗਾ, ਤੋਂ ਵਧੇਰੇ ਝਾੜ ਦੇਣ ਵਾਲੀ ਅਤੇ ਮਿਆਰੀ ਫ਼ਸਲ ਲਈ ਜਾ ਸਕਦੀ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ।