ਸੀਚੇਵਾਲ ਵੱਲੋਂ ਗਿੱਦੜਪਿੰਡੀ ਤੇ ਰੂਪੇਵਾਲੀ ਮੰਡੀਆਂ ਦਾ ਦੌਰਾ
ਹਤਿੰਦਰ ਮਹਿਤਾ
ਜਲੰਧਰ, 9 ਨਵੰਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬਾਅਦ ਦੁਪਿਹਰ ਗਿੱਦੜਪਿੰਡੀ ਤੇ ਰੂਪੇਵਾਲੀ ਦਾ ਦੌਰਾ ਕੀਤਾ ਤੇ ਉਨ੍ਹਾਂ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਨਹੀਂ ਹੋਣ ਚਾਹੀਦੀ ਤੇ ਨਾ ਹੀ ਫ਼ਸਲ ਵਿੱਚ ‘ਕੱਟ’ ਲਗਾਉਣ ਦੀ ਆੜ ਹੇਠ ਕਿਸਾਨ ਦਾ ਵਿੱਤੀ ਸ਼ੋਸ਼ਣ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਗਿੱਦੜਪਿੰਡੀ ਤੇ ਰੂਪੇਵਾਲੀ ਦੀਆਂ ਮੰਡੀਆਂ ਵਿੱਚੋਂ ਕਿਸਾਨਾਂ ਨੇ ਰਾਜ ਸਭਾ ਮੈਂਬਰ ਸੀਚੇਵਾਲ ਨੂੰ ਸ਼ਿਕਾਇਤਾਂ ਕੀਤੀਆਂ ਸਨ ਕਿ ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਵੱਲੋਂ ਝੋਨੇ ’ਚ ਨਮੀ ਜਾਂ ਬਦਰੰਗ ਹੋਣ ਦੀ ਆੜ ਹੇਠ ਸਰਕਾਰੀ ਭਾਅ ਨਾਲੋਂ ਘੱਟ ਕੀਮਤ ਦਿੱਤੀ ਜਾ ਰਹੀ ਹੈ।
ਸੀਚੇਵਾਲ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਾਹਕੋਟ ਦੇ ਐੱਸਡੀਐੱਮ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਦੇ ਅਧਿਕਾਰੀਆਂ ਸਮੇਤ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਗਿੱਦੜਪਿੰਡੀ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨ ਝੋਨੇ ਨੂੰ ਕਿਸੇ ਫੈਕਟਰੀ ਵਿੱਚ ਨਹੀਂ ਬਣਾਉਂਦੇ ਸਗੋਂ ਖੁਦ ਸਖ਼ਤ ਮਿਹਨਤ ਕਰਕੇ ਇਸ ਨੂੰ ਧਰਤੀ ਵਿੱਚੋਂ ਪੈਦਾ ਕਰਦੇ ਹਨ ਅਤੇ ਇਸ ਫਸਲਾਂ ਦੀ ਆਪਣੇ ਪੁੱਤਰਾਂ ਵਾਂਗ ਸਾਂਭ-ਸੰਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਜਦੋਂ ਪੁੱਤਰਾਂ ਵਾਂਗ ਕਿਸਾਨਾਂ ਦੀ ਪਾਲੀਆਂ ਫਸਲਾਂ ਨੂੰ ਮੰਡੀਆਂ ਵਿੱਚ ਰੋਲਿਆਂ ਜਾਂਦਾ ਹੈ ਜਿਸਦਾ ਸਾਰਾ ਇਲਜ਼ਾਮ ਸੂਬਾ ਸਰਕਾਰ ਸਿਰ ਆਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ।
ਕਿਸਾਨਾਂ ਨੂੰ ਇੱਕ-ਇੱਕ ਦਾਣਾ ਖ਼ਰੀਦਣ ਦਾ ਭਰੋਸਾ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਖੱਜਲ-ਖੁਆਰੀ ਰੋਕੀ ਜਾਵੇਗੀ ਅਤੇ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ। ਆੜ੍ਹਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਸ਼ੈੱਲਰ ਮਾਲਕ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ ਤੇ ਕਈ ਵਾਰ ਸ਼ੈੱਲਰ ਵਿੱਚ ਗਏ ਝੋਨੇ ਨੂੰ ਵਧ ਨਮੀ ਵਾਲਾ ਦੱਸ ਕੇ ਮੋੜ ਦਿੱਤਾ ਜਾਂਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਜਦੋਂ ਨਵੰਬਰ ਦਾ ਦੂਜਾ ਹਫ਼ਤਾ ਚੱਲ ਰਿਹਾ ਹੈ ਤਾਂ ਇਸ ਮੌਕੇ ਕਿਸਾਨ ਕਣਕ ਤੇ ਆਲੂ ਬੀਜਣ ਵਿੱਚ ਰੁੱਝੇ ਹੋਏ ਹਨ ਤੇ ਉਨ੍ਹਾਂ ਦਾ ਝੋਨਾ ਹਾਲੇ ਵੀ ਮੰਡੀਆਂ ਵਿੱਚ ਪਿਆ ਹੈ। ਇਸ ਮੌਕੇ ਐੱਸਡੀਐੱਮ ਸ਼ਾਹਕੋਟ ਸ਼ੂਭੀ ਆਂਗਰਾ, ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਅਮਿਤ ਭੱਟੀ, ਪਨਗਰੇਨ ਦੇ ਇੰਸਪੈਟਰ ਅਸ਼ੀਸ ਭੱਲਾ ਤੇ ਜ਼ਿਲ੍ਹਾ ਮੰਡੀ ਅਧਿਕਾਰੀ ਹਾਜ਼ਰ ਸਨ।