ਸੀਚੇਵਾਲ ਵੱਲੋਂ ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਦਾ ਦੌਰਾ
ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਇੰਸਿਜ਼ (ਏਮਸ) ਦੇ ਆਯੂਸ਼, ਓਪੀਡੀ ਤੇ ਐਮਰਜੈਂਸੀ ਵਾਰਡਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਚੇਵਾਲ ਨੇ ਓਪੀਡੀ ‘ਚ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਚੇਵਾਲ ਨੇ ਆਯੂਸ਼, ਓਪੀਡੀ ਤੇ ਐਮਰਜੈਂਸੀ ਵਾਰਡਾਂ ਦੇ ਜਾਇਜ਼ਾ ਲੈਣ ਮਗਰੋਂ ਏਮਜ਼ ਦੇ ਡਾਇਰੈਕਟਰ ਡਾ. ਡੀਕੇ ਸਿੰਘ ਸਮੇਤ ਡਾਕਟਰੀ ਸਟਾਫ਼ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਮੂਹ ਡਾਕਟਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਸੀਚੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ ਮਾਲਵਾ ਇਲਾਕੇ ਲਈ ਵੱਡਾ ਤੋਹਫਾ ਹੈ, ਜਿਸ ਵਿੱਚ ਹਰ ਵਰਗ ਆਪਣਾ ਇਲਾਜ ਕਰਵਾ ਰਿਹਾ ਹੈ। ਉਨ੍ਹਾਂ ਵਾਤਾਵਰਨ ਬਾਰੇ ਕਿਹਾ ਕਿ ਕਿਸਾਨ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਨੂੰ ਤਰਜੀਹ ਦੇਣ ਤਾਂ ਜੋ ਦਿਨ ਪ੍ਰਤੀ ਦਿਨ ਘੱਟ ਰਹੇ ਪਾਣੀ ਦੇ ਪੱਧਰ ਨੂੰ ਨੀਵਾਂ ਹੋਣ ਤੋਂ ਬਚਾਇਆ ਜਾ ਸਕੇ। ਇਸ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੈਂਟਰਲ ਯੂਨੀਵਰਸਿਟੀ ਘੁੱਦਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਕੰਵਲਜੀਤ ਸਿੰਘ ਕੌੜਾ, ਪ੍ਰੋ. ਰੂਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।