ਸੀਚੇਵਾਲ ਨੇ ਮੁੱਖ ਮੰਤਰੀ ਨੂੰ ਵਾਤਾਵਰਨ ਸੰਭਾਲ ਏਜੰਡਾ ਸੌਂਪਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਮਈ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਤਾਵਰਨ ਸੰਭਾਲ ਏਜੰਡਾ ਸੌਂਪਿਆ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੁਲਾਕਾਤ ਦੌਰਾਨ ਹੋਈ ਗੱਲਬਾਤ ਪੱਤਰਕਾਰਾਂ ਨਾਲ ਸਾਂਝੀ ਕਰਦਿਆ ਕਿਹਾ ਕਿ ਉਨ੍ਹਾਂ ਨੇ ਸਤਲੁਜ ਦਰਿਆ ਦੇ ਗਿੱਦੜਪਿੰਡੀ ਦੇ ਰੇਲਵੇਂ ਪੁਲ ਹੇਠਾਂ 15 ਤੋਂ 18 ਫੁੱਟ ਤੱਕ ਮਿੱਟੀ ਜੰਮੀ ਹੋਈ ਹੈ, ਇਸ ਮਿੱਟੀ ਕੱਢਣ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਕੋਲ ਚੁੱਕਿਆ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਮਾਮਲੇ ਦੀ ਗੰਭੀਰਤਾ ਦੱਸਦਿਆ ਕਿਹਾ ਕਿ ਮਈ ਦਾ ਸਾਰਾ ਮਹੀਨਾ ਚੋਣਾਂ ਵਿੱਚ ਲੰਘ ਜਾਵੇਗਾ ਅਤੇ ਜੂਨ-ਜੁਲਾਈ ਵਿੱਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ, ਅਜਿਹੀ ਸਥਿਤੀ ਵਿੱਚ ਮਿੱਟੀ ਚੁੱਕਣ ਵਿੱਚ ਮੁਸ਼ਕਿਲ ਪੇਸ਼ ਆਵੇਗੀ। ਸੰਤ ਸੀਚੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਇਹ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਸਿੱਧਾ ਮਸਲਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਕੰਮ ਸ਼ੁਰੂ ਕਰਵਾ ਦੇਣਗੇ ਤਾਂ ਜੋ ਸਤਲੁਜ ਦਰਿਆ ਦੇ ਧੁੰਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸੇ ਦੌਰਾਨ ਸੰਤ ਸੀਚੇਵਾਲ ਨੇ ਹੜ੍ਹ ਰੋਕੂ ਕਮੇਟੀ ਵੱਲੋਂ ਵੀ ਇੱਕ ਮੈਮਰੰਡਮ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸੌਂਪਿਆ ਗਿਆ ਜਿਸ ਵਿੱਚ ਦਰਜਨ ਤੋਂ ਵੱਧ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਦਸਤਖਤ ਕਰਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਹੜ੍ਹਾਂ ਨਾਲ ਹੋਣ ਵਾਲੀ ਤਬਾਹੀ ਤੋਂ ਬਚਾਇਆ ਜਾਵੇ। ਇਸ ਮੌਕੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ ਨੇ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠੋਂ ਮਿੱਟੀ ਕੱਢਣੀ ਬੇਹੱਦ ਜ਼ਰੂਰੀ ਹੈ। ਉਥੇ ਕੁਝ ਲੋਕ ਦਰਿਆ ਦੀ ਜ਼ਮੀਨ ’ਤੇ ਨਜ਼ਾਇਜ ਕਬਜ਼ਾ ਕਰਕੇ ਬੈਠੇ ਹਨ।