ਪੀਟੀਆਈ ਦੇ ਪ੍ਰਦਰਸ਼ਨ ਤੋਂ ਪਹਿਲਾਂ ਪਾਕਿਸਤਾਨ ’ਚ ਸੁਰੱਖਿਆ ਸਖ਼ਤ
ਇਸਲਾਮਾਬਾਦ, 23 ਨਵੰਬਰ
ਪਾਕਿਸਤਾਨ ਵਿੱਚ ਪੁਲੀਸ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਤਜਵੀਜ਼ਤ ਵਿਰੋਧ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਅੱਜ ਕੌਮੀ ਰਾਜਧਾਨੀ ਇਸਲਾਮਾਬਾਦ ਵੱਲ ਆਉਣ ਵਾਲੇ ਮੁੱਖ ਰਸਤਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖ਼ਾਨ ਨੇ ਪ੍ਰਦਰਸ਼ਨ ਲਈ ‘ਅੰਤਿਮ ਸੱਦਾ’ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਇਸਲਾਮਾਬਾਦ ਤਕ ਮਾਰਚ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਇਮਰਾਨ ਸਮੇਤ ਪੀਟੀਆਈ ਦੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਮਰਥਕਾਂ ਤੋਂ 8 ਫਰਵਰੀ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਕਥਿਤ ਜਿੱਤ ਨੂੰ ਮਾਨਤਾ ਦੇਣ ਤੋਂ ਇਲਾਵਾ 26ਵੀਂ ਸੰਵਿਧਾਨਕ ਸੋਧ ਨੂੰ ਰੱਦ ਕਰਨ ਵਰਗੀ ਮੰਗ ਕਰਨ ਲਈ ਵੀ ਕਿਹਾ ਹੈ। ਸੰਵਿਧਾਨ ਵਿੱਚ 26ਵੀਂ ਸੋਧ ਨੇ ਜੱਜਾਂ ਅਤੇ ਚੀਫ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ। ਨੈਸ਼ਨਲ ਮੋਟਰਵੇਜ਼ ਐਂਡ ਹਾਈਵੇਅ ਅਥਾਰਟੀ ਨੇ ਐੱਮ-2 ਮੋਟਰਵੇਅ ਦੇ ਨਾਲ-ਨਾਲ ਹੋਰ ਮੁੱਖ ਮਾਰਗਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈ
ਹੋਸਟਲ ਖਾਲੀ ਕਰਵਾਏ ਤੇ ਮਨਾਹੀ ਦੇ ਹੁਕਮ ਲਾਗੂ
ਮਜ਼ਬੂਤ ਸੁਰੱਖਿਆ ਬੰਦੋਬਸਤ ਲਈ ਪਾਕਿਸਤਾਨ ਦੀ ਸੰਘੀ ਸਰਕਾਰ ਨੇ ਰਾਜਧਾਨੀ ਵਿੱਚ ਪੁਲੀਸ ਦੀ ਸਹਾਇਤਾ ਲਈ ਅਰਧ ਸੈਨਿਕ ਰੇਂਜਰਜ਼ ਅਤੇ ਫਰੰਟੀਅਰ ਕੋਰ (ਐਫਸੀ) ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ ਹੈ। ਸ਼ਹਿਰ ਦੇ ਸਾਰੇ ਹੋਸਟਲ ਖਾਲੀ ਕਰਵਾਏ ਗਏ ਹਨ। ਪੰਜਾਬ ਸਰਕਾਰ ਨੇ ਵੀ 23 ਤੋਂ 25 ਨਵੰਬਰ ਤੱਕ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।