For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ’ਚ ਸੰਨ੍ਹ: ਛੇਵਾਂ ਮੁਲਜ਼ਮ ਮਹੇਸ਼ ਕੁਮਾਵਤ ਰਾਜਸਥਾਨ ਤੋਂ ਗ੍ਰਿਫ਼ਤਾਰ

07:55 AM Dec 17, 2023 IST
ਸੁਰੱਖਿਆ ’ਚ ਸੰਨ੍ਹ  ਛੇਵਾਂ ਮੁਲਜ਼ਮ ਮਹੇਸ਼ ਕੁਮਾਵਤ ਰਾਜਸਥਾਨ ਤੋਂ ਗ੍ਰਿਫ਼ਤਾਰ
ਮੁਲਜ਼ਮ ਮਹੇਸ਼ ਕੁਮਾਵਤ ਨੂੰ ਅਦਾਲਤ ’ਚ ਪੇਸ਼ੀ ਲਈ ਲਿਜਾਂਦੀ ਹੋਈ ਪੁਲੀਸ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 16 ਦਸੰਬਰ
ਦਿੱਲੀ ਪੁਲੀਸ ਨੇ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਮਾਮਲੇ ਵਿੱਚ ਅੱਜ ਛੇਵੇਂ ਮੁਲਜ਼ਮ ਮਹੇਸ਼ ਕੁਮਾਵਤ ਨੂੰ ਰਾਜਸਥਾਨ ਦੇ ਨਾਗੌਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਕੁਮਾਵਤ ਪਿਛਲੇ ਦੋ ਸਾਲਾਂ ਤੋਂ ਕੇਸ ਦੇ ਹੋਰਨਾਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ ਤੇ ਉਨ੍ਹਾਂ ਮਿਲ ਕੇ ਸਾਜ਼ਿਸ਼ ਘੜੀ ਸੀ। ਪੁਲੀਸ ਮੁਤਾਬਕ ਕੁਮਾਵਤ ਨੇ ਸਬੂਤ (ਮੋਬਾਈਲ ਫੋਨ ਨਸ਼ਟ ਕਰਨ ਵਿਚ) ਮਿਟਾਉਣ ਵਿੱਚ ਸਾਜ਼ਿਸ਼ ਦੇ ਮੁੱਖ ਸਰਗਨੇ ਲਲਿਤ ਝਾਅ ਦੀ ਮਦਦ ਕੀਤੀ ਸੀ। ਕੇਸ ਦੇ ਸਾਰੇ ਮੁਲਜ਼ਮ, ਜਿਨ੍ਹਾਂ ਨੂੰ ਸੱਤ ਦਿਨਾ ਪੁਲੀਸ ਰਿਮਾਂਡ ਉੱਤੇ ਭੇਜਿਆ ਗਿਆ ਹੈ, ਵੱਖ ਵੱਖ ਰਾਜਾਂ- ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਨਾਲ ਸਬੰਧਤ ਹਨ। ਪੁਲੀਸ ਟੀਮਾਂ ਜਾਂਚ ਦਾ ਘੇਰਾ ਵਧਾਉਂਦਿਆਂ ਅਗਲੇਰੀ ਜਾਂਚ ਲਈ ਸਬੰਧਤ ਰਾਜਾਂ ਵੱਲ ਰਵਾਨਾ ਹੋ ਗਈਆਂ ਹਨ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਸਾਜ਼ਿਸ਼ ਘੜਨ ਮੌਕੇ ਆਤਮਦਾਹ ਤੇ ਪਰਚੇ ਵੰਡਣ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਸੀ, ਹਾਲਾਂਕਿ ਮਗਰੋਂ ਲੋਕ ਸਭਾ ਚੈਂਬਰ ’ਚ ਛਾਲ ਮਾਰਨ ਦੀ ਯੋਜਨਾ ਫਾਈਨਲ ਹੋਈ।
ਦਿੱਲੀ ਪੁਲੀਸ ਨੇ ਕੁਮਾਵਤ ਨੂੰ ਐੱਨਆਈਏ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੱਤ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਕੁਮਾਵਤ ‘ਪਿਛਲੇ ਦੋ ਸਾਲਾਂ ਤੋਂ’ ਸਾਜ਼ਿਸ਼ ਵਿੱਚ ਸ਼ਾਮਲ ਸੀ। ਵਕੀਲ ਨੇ ਵਿਸ਼ੇਸ਼ ਜੱਜ ਨੂੰ ਦੱਸਿਆ ਕਿ ਮੁਲਜ਼ਮ ‘ਦੇਸ਼ ਵਿਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸੀ ਤਾਂ ਕਿ ਉਹ ਸਰਕਾਰ ਨੂੰ ਆਪਣੀਆਂ ਗੈਰਕਾਨੂੰਨੀ ਮੰਗਾਂ ਮੰਨਣ ਲਈ ਮਜਬੂਰ ਕਰਨਾ ਚਾਹੁੰਦੇ ਸੀ।’’ ਸੂਤਰਾਂ ਨੇ ਕਿਹਾ ਕਿ ਕੁਮਾਵਤ ਨੂੰ ਹੋਰਨਾਂ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਸੰਸਦ ਦੇ ਅੰਦਰ ਤੇ ਬਾਹਰ ਦੀਆਂ ਸੀਸੀਟੀਵੀ ਫੁੁਟੇਜ ਵੀ ਕਬਜ਼ੇ ਵਿਚ ਲੈ ਲਏ। ਵਿਸ਼ੇਸ਼ ਸੈੱਲ ਵੱਲੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ, ਜਿਨ੍ਹਾਂ ਸੁਰੱਖਿਆ ’ਚ ਸੰਨ੍ਹ ਲਾਉਣ ਵਾਲੇ ਦੋ ਵਿਅਕਤੀਆਂ ਨੂੰ ਵਿਜ਼ਿਟਰ ਪਾਸ ਜਾਰੀ ਕੀਤੇ ਸਨ, ਤੋਂ ਵੀ ਪੁੱਛ-ਪੜਤਾਲ ਦੀ ਤਿਆਰੀ ਕੀਤੀ ਜਾ ਰਹੀ ਹੈ।
ਵਿਸ਼ੇਸ਼ ਸੈੱਲ ਨੇ ਕਿਹਾ ਕਿ ਕੁਮਾਵਤ ਕੋਲੋਂ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਸਾਜ਼ਿਸ਼ ਵਿੱਚ ਸ਼ਾਮਲ ਸੀ। ਯੋਜਨਾ ਤਹਿਤ ਉਸ ਨੇ 13 ਦਸੰਬਰ ਨੂੰ ਇਕ ਹੋਰ ਗੇਟ ’ਤੇ ਗੈਸ ਵਾਲਾ ਕੈਨਿਸਟਰ ਲੈ ਕੇ ਖੜ੍ਹਨਾ ਸੀ, ਪਰ ਉਹ ਉਸ ਦਿਨ ਨਹੀਂ ਆਇਆ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ, ‘‘ਉਹ (ਕੁਮਾਵਤ) ਸਾਜ਼ਿਸ਼ ਘੜਨ ਲਈ ਪਿਛਲੇ ਦੋ ਸਾਲਾਂ ਤੋਂ ਹੋਰਨਾਂ ਮੁਲਜ਼ਮਾਂ ਦੇ ਸੰਪਰਕ ਵਿਚ ਸੀ। ਉਸ ਨੇ ਸਬੂਤ ਮਿਟਾਉਣ ਤੇ ਵਡੇਰੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਮੋਬਾਈਲ ਫੋਨ ਨਸ਼ਟ (ਸਾੜਨ) ਵਿਚ ਮੁੱਖ ਸਰਗਨੇ ਮੁਲਜ਼ਮ ਲਲਿਤ ਝਾਅ ਦੀ ਮਦਦ ਕੀਤੀ। ਵਿਸ਼ੇਸ਼ ਸੈੱਲ ਨੇ ਕੋਰਟ ਵਿਚ ਪੇਸ਼ ਕਰਨ ਮੌਕੇ ਵਿਸ਼ੇਸ਼ ਜੱਜ ਤੋਂ ਕੁਮਾਵਤ ਦਾ 15 ਦਿਨਾ ਰਿਮਾਂਡ ਮੰਗਿਆ ਸੀ। ਉਧਰ ਬਚਾਅ ਪੱਖ ਦੇ ਵਕੀਲ ਨੇ ਇਸ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਕੁਮਾਵਤ ਨੂੰ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਕਿਸੇ ਕਾਰਨ ਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਮੁਤਾਬਕ ਕੁਮਾਵਤ ਨੂੰ ਸਬੂਤ ਮਿਟਾਉਣ ਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਉਹ ਮੁਲਜ਼ਮਾਂ ਵੱਲੋਂ ਬਣਾਏ ਭਗਤ ਸਿੰਘ ਫੈਨ ਕਲੱਬ ਪੇਜ ਦਾ ਮੈਂਬਰ ਸੀ। ਇਹ ਪੇਜ ਹਾਲਾਂਕਿ ਹੁਣ ਡਿਲੀਟ ਕੀਤਾ ਜਾ ਚੁੱਕਾ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਕੁਮਾਵਤ, ਜੋ ਕੁਚਾਮਨ ਸ਼ਹਿਰ ਦਾ ਵਸਨੀਕ ਹੈ, ਨੇ ਝਾਅ ਦੀ ਨਾਗੌਰ ਵਿਚ ਰੁਕਣ ’ਚ ਮਦਦ ਕੀਤੀ ਸੀ। ਝਾਅ ਬੁੱਧਵਾਰ ਦੀ ਘਟਨਾ ਮਗਰੋਂ ਨਾਗੌਰ ਭੱਜ ਗਿਆ ਸੀ। ਪੁਲੀਸ ਨੇ ਕਿਹਾ ਕਿ ਕੁਮਾਵਤ ਤੇ ਲਲਿਤ ਝਾਅ ਖੁ਼ਦ ਵੀਰਵਾਰ ਰਾਤ ਨੂੰ ਪੁਲੀਸ ਥਾਣੇ ਆਏ ਸਨ, ਜਿੱਥੋਂ ਉਨ੍ਹਾਂ ਨੂੰ ਵਿਸ਼ੇਸ਼ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਪੁਲੀਸ ਝਾਅ ਨੂੰ ਜਲਦੀ ਹੀ ਨਾਗੌਰ ਲੈ ਕੇ ਜਾਵੇਗੀ। ਉਸ ਨੂੰ ਉਸੇ ਥਾਂ ’ਤੇ ਲਿਜਾਇਆ ਜਾਵੇਗਾ, ਜਿੱਥੇ ਉਸ ਨੇ ਆਪਣਾ ਤੇ ਹੋਰਨਾਂ ਮੁਲਜ਼ਮਾਂ ਦੇ ਮੋਬਾਈਲ ਫੋਨ ਨਸ਼ਟ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਅਧਿਕਾਰੀ ਨੇ ਕਿਹਾ, ‘‘ਹੋਰਨਾਂ ਮੁਲਜ਼ਮਾਂ ਵਾਂਗ ਕੁਮਾਵਤ ਵੀ ਇਨਕਲਾਬੀ ਵਿਚਾਰਾਂ ਦੀ ਗੱਲ ਕਰਦਾ ਸੀ।’’ ਉਸ ਦੇ ਇੰਸਟਾਗ੍ਰਾਮ ਖਾਤੇ ਤੋਂ ਲੱਗਦਾ ਹੈ ਕਿ ਉਹ ‘ਭਗਤ ਸਿੰਘ ਤੇ ਛਤਰਪਤੀ ਸ਼ਿਵਾਜੀ ਤੋਂ ਬਹੁਤ ਪ੍ਰੇਰਿਤ ਸੀ। ਉਸ ਨੇ ਆਪਣੇ ਪ੍ਰੋਫਾਈਲ ’ਤੇ ‘ਇਨਕਲਾਬ ਜ਼ਿੰਦਾਬਾਦ’ ਤੇ ‘ਅਗਰ ਦੇਸ਼ ਮੇਂ ਕ੍ਰਾਂਤੀ ਲਾਨੀ ਹੈ ਤੋਂ ਖ਼ੁਦ ਕ੍ਰਾਂਤੀਕਾਰੀ ਹੋਨਾ ਚਾਹੀਏ’ ਦੇ ਨਾਅਰੇ ਲਿਖੇ ਹੋਏ ਹਨ। ਸੂਤਰਾਂ ਮੁਤਾਬਕ ਇਕ ਪੋਸਟ ਵਿਚ ਉਸ ਨੇ ਲਿਖਿਐ, ‘‘ਜਬ ਸਰਕਾਰ ਗਲਤ ਹੋ, ਆਪਕਾ ਸਹੀ ਹੋਨਾ ਖ਼ਤਰਨਾਕ ਹੋ ਸਕਤਾ ਹੈ।’’ ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਗ੍ਰਿਫ਼ਤਾਰ ਪੰਜ ਮੁਲਜ਼ਮਾਂ- ਸਾਗਰ ਸ਼ਰਮਾ, ਮਨੋਰੰਜਨ ਡੀ., ਅਮੋਲ ਸ਼ਿੰਦੇ ਤੇ ਨੀਲਮ ਦੇਵੀ, ਲਲਿਤ ਝਾਅ- ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਆਤਮਦਾਹ ਤੇ ਪਰਚੇ ਵੰਡਣ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਸੀ, ਪਰ ਫਿਰ ਉਨ੍ਹਾਂ ਧੂੰਏਂ ਵਾਲੇ ਕੈਨਿਸਟਰਾਂ ਨਾਲ ਲੋਕ ਸਭਾ ਚੈਂਬਰ ਵਿੱਚ ਛਾਲ ਮਾਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ। ਸਾਗਰ ਸ਼ਰਮਾ ਤੇ ਮਨੋਰੰਜਨ ਡੀ. ਜਿੱਥੇ ਸੰਸਦ ਦੇ ਅੰਦਰ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋਏ, ਉਥੇ ਨੀਲਮ ਤੇ ਅਮੋਲ ਸ਼ਿੰਦੇ ਨੇ ਠੀਕ ਉਸੇ ਵੇਲੇ ਸੰਸਦ ਦੇ ਬਾਹਰ ਧੂੰਏਂ ਵਾਲੇ ਕੈਨਿਸਟਰ ਖੋਲ੍ਹ ਕੇ ‘ਤਾਨਾਸ਼ਾਹੀ ਨਹੀਂ ਚਲੇਗੀ’ ਦੇ ਨਾਅਰੇ ਲਾਏ। ਕੇਸ ਦੇ ਪੰਜਵੇਂ ਮੁਲਜ਼ਮ ਲਲਿਤ ਝਾਅ ਨੇ ਸੰਸਦ ਦੇ ਬਾਹਰ ਰੋਸ ਮੁਜ਼ਾਹਰੇ ਦੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਰਕੁਲੇਟ ਕੀਤੀਆਂ। ਪੁੱਛਗਿੱਛ ਦੌਰਾਨ ਮਨੋਰੰਜਨ ਨੇ ਕਿਹਾ ਕਿ ਉਹ ਸਮਾਜ ਸੇਵਾ ਵਿਚ ਸ਼ਾਮਲ ਸੀ। ਇਕ ਅਧਿਕਾਰੀ ਨੇ ਕਿਹਾ ਕਿ ਮਨੋਰੰਜਨ 2014 ਵਿਚ ‘ਵਾਲੰਟੀਅਰ ਕੰਮ’ ਲਈ ਕੰਬੋਡੀਆ ਤੇ ਬੈਂਕਾਕ ਵੀ ਗਿਆ ਸੀ। ਉਹ ਬੇਰੁਜ਼ਗਾਰ ਸੀ ਤੇ ਆਪਣੇ ਨਿੱਜੀ ਖਰਚੇ ਤੇ ਸਫ਼ਰ ਲਈ ਮਾਤਾ ਪਿਤਾ ਤੋਂ ਪੈਸੇ ਲੈਂਦਾ ਸੀ। ਸੂਤਰ ਨੇ ਕਿਹਾ ਕਿ ਮਨੋਰੰਜਨ ਫਲਾਈਟ ’ਤੇ ਬੰਗਲੂਰੂ ਤੋਂ ਦਿੱਲੀ ਆਇਆ ਸੀ। ਉਸ ਨੇ ਆਪਣੇ ਮਾਪਿਆਂ ਨੂੰ ਕਿਹਾ ਸੀ ਕਿ ਉਹ ਬੰਗਲੂਰੂ ਜਾ ਰਿਹਾ ਹੈ, ਪਰ ਉਹ ਦਿੱਲੀ ਆ ਗਿਆ। ਪੁਲੀਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੇ ਹਵਾਈ ਸਫ਼ਰ ਦਾ ਖਰਚਾ ਕਿਸੇ ਨੇ ਦਿੱਤਾ।
ਉਧਰ ਝਾਅ ਦੇ ਮਾਪੇ ਇਸ ਘਟਨਾ ਵਿੱਚ ਆਪਣੇ ਪੁੱਤ ਦੀ ਸ਼ਮੂਲੀਅਤ ਤੋਂ ਹੈਰਾਨ ਹਨ। ਝਾਅ ਦੇ ਪਿਤਾ ਦੇਵਾਨੰਦ ਝਾਅ, ਜੋ ਪੁਜਾਰੀ ਹਨ, ਨੇ ਦਰਭੰਗਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਉਦੈ ਵਿਚਲੇ ਆਪਣੇ ਘਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਆਪਣੇ ਪੁੱਤ ਦੀ ਗ੍ਰਿਫ਼ਤਾਰੀ ਦਾ ਹੋਰਨਾਂ ਲੋਕਾਂ ਤੋਂ ਪਤਾ ਲੱਗਿਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਤਾਂ ਟੈਲੀਵਿਜ਼ਨ ਵੀ ਨਹੀਂ ਹੈ।’’ ਝਾਅ ਦੀ ਮਾਂ ਮੰਜੁਲਾ ਨੇ ਡੁਸਕਦੇ ਹੋਏ ਕਿਹਾ, ‘‘ਮੇਰਾ ਬੱਚਾ ਬਦਮਾਸ਼ ਨਹੀਂ ਹੈ। ਉਹ ਕਿਸੇ ਗ਼ਲਤ ਕੰਮ ਵਿਚ ਸ਼ਾਮਲ ਨਹੀਂ ਹੋ ਸਕਦਾ। ਉਸ ਨੂੰ ਲੋਕਾਂ ਦੀ ਮਦਦ ਕਰਨਾ ਚੰਗਾ ਲੱਗਦਾ ਸੀ। ਉਸ ਨੇ ਤਿੰਨ ਦਫ਼ਾ ਖੂਨਦਾਨ ਵੀ ਕੀਤਾ।’’ -ਪੀਟੀਆਈ

Advertisement

ਲਲਿਤ ਝਾਅ ਟੀਐੱਮਸੀ ਯੂਥ ਵਿੰਗ ਦਾ ਜਾਣਿਆ ਪਛਾਣਿਆ ਚਿਹਰਾ: ਅਧਿਕਾਰੀ

ਕੋਲਕਾਤਾ: ਪੱਛਮੀ ਬੰਗਾਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸੰਸਦੀ ਸੁਰੱਖਿਆ ਵਿੱਚ ਸੰਨ੍ਹ ਮਾਮਲੇ ਦਾ ਕਥਿਤ ਮੁੱਖ ਸਰਗਨਾ ਲਲਿਤ ਝਾਅ ਤ੍ਰਿਣਮੂਲ ਕਾਂਗਰਸ ਦੇ ਯੂਥ ਵਿੰਗ ਦਾ ਜਾਣਿਆ ਪਛਾਣਿਆ ਚਿਹਰਾ ਹੈ। ਟੀਐੱਮਸੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਅਧਿਕਾਰੀ ਨੇ ਬਾਗਡੋਗਰਾ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਦੱਸਿਆ, ‘‘ਲਲਿਤ ਝਾਅ ਤ੍ਰਿਣਮੂਲ ਯੁਵਾ ਨਾਲ ਸਬੰਧਤ ਹੈ।’’ ਅਧਿਕਾਰੀ ਨੇ ਦਾਅਵਾ ਕੀਤਾ ਕਿ ਝਾਅ ਦੀਆਂ ਵੱਖ ਵੱਖ ਟੀਐੱਮਸੀ ਆਗੂਆਂ, ਜਿਨ੍ਹਾਂ ਵਿਚ ਕੁਝ ਵਿਧਾਇਕ ਤੇ ਕੌਂਸਲਰ ਵੀ ਸ਼ਾਮਲ ਹਨ ਅਤੇ ਸੂਬੇ ਦੇ ਟੀਐੱਮਸੀ ਯੁਵਾ ਆਗੂਆਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦਾਅਵਾ ਕੀਤਾ, ‘‘ਝਾਅ ਤ੍ਰਿਣਮੂਲ ਕਾਂਗਰਸ ਯੂਥ ਵਿੰਗ ਦਾ ਜਾਣਿਆ ਪਛਾਣਿਆ ਚਿਹਰਾ ਹੈ।’’ ਝਾਅ ਤੇ ਉਸ ਦੇ ਪਰਿਵਾਰਕ ਮੈਂਬਰ, ਜੋ ਪਿੱਛੋਂ ਬਿਹਾਰ ਦੇ ਦਰਭੰਗਾ ਨਾਲ ਸਬੰਧਤ ਹਨ, ਪਿਛਲੇ ਕੁਝ ਦਹਾਕਿਆਂ ਤੋਂ ਕੋਲਕਾਤਾ ਵਿੱਚ ਰਹਿ ਰਹੇ ਹਨ। ਉਧਰ ਟੀਐੱਮਸੀ ਤਰਜਮਾਨ ਕੁਨਾਲ ਘੋਸ਼ ਨੇ ਅਧਿਕਾਰੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਦਾ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਨਾਲ ਕਦੇ ਕੋਈ ਸਬੰਧ ਨਹੀਂ ਰਿਹਾ ਹੈ। -ਪੀਟੀਆਈ

ਐੱਫਆਈਆਰ ਦੀ ਕਾਪੀ ਲਈ ਮੁਲਜ਼ਮਾਂ ਵੱਲੋਂ ਅਦਾਲਤ ’ਚ ਪਟੀਸ਼ਨ

ਮੁਲਜ਼ਮ ਨੀਲਮ ਆਜ਼ਾਦ ਦੇ ਮਾਪਿਆਂ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਆਪਣੀ ਧੀ ਤੇ ਹੋਰਨਾਂ ਖਿਲਾਫ਼ ਦਰਜ ਐੱਫਆਈਆਰ ਦੀ ਕਾਪੀ ਮੰਗੀ ਹੈ। ਪਟੀਸ਼ਨ ਵਿਚ ਨੀਲਮ ਦੇ ਮਾਪਿਆਂ ਨੇ ਰਿਮਾਂਡ ਅਰਸੇ ਦੌਰਾਨ ਆਪਣੀ ਧੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ। ਐਡਵੋਕੇਟਾਂ ਆਰ.ਕੇ.ਵਧਵਾ ਤੇ ਸੁਰੇਸ਼ ਕੁਮਾਰ ਚੌਧਰੀ ਨੇ ਸਬੰਧਤ ਜੱਜ ਕੋਲ ਪੇਸ਼ ਹੁੰਦਿਆਂ ਕਿਹਾ ਕਿ ਨੀਲਮ ਦੇ ਮਾਪਿਆਂ ਤੇ ਵਕੀਲਾਂ ਨੂੰ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਈ ਜਾਵੇ ਕਿਉਂਕਿ ਇਹ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਵਧੀਕ ਸੈਸ਼ਨ ਜੱਜ ਡਾ. ਹਰਦੀਪ ਕੌਰ ਨੇ ਹਲਫ਼ਨਾਮਿਆਂ ’ਤੇ ਗੌਰ ਕਰਦੇ ਹੋਏ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਤੋਂ ਜਵਾਬ ਮੰਗ ਲਿਆ ਹੈ। ਕੇਸ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। -ਏਐੱਨਆਈ

ਸੰਸਦੀ ਸੁਰੱਖਿਆ ਦੀ ਸਮੀਖਿਆ ਲਈ ਉੱਚ-ਤਾਕਤੀ ਕਮੇਟੀ ਬਣਾਈ: ਬਿਰਲਾ

ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਦਨ ਦੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਸੰਸਦੀ ਅਹਾਤੇ ਵਿੱਚ ਸੁਰੱਖਿਆ ਦੇ ਵੱਖ ਵੱਖ ਪਹਿਲੂਆਂ ’ਤੇ ਨਜ਼ਰਸਾਨੀ ਲਈ ਇਕ ‘ਉੱਚ ਤਾਕਤੀ ਕਮੇਟੀ’ ਬਣਾਈ ਹੈ। ਬਿਰਲਾ ਨੇ ਕਿਹਾ ਕਿ 13 ਦਸੰਬਰ ਦੀ ਘਟਨਾ (ਸੁਰੱਖਿਆ ’ਚ ਸੰਨ੍ਹ) ਮੁੜ ਨਾ ਵਾਪਰੇ, ਇਹ ਯਕੀਨੀ ਬਣਾਉਣ ਲਈ ਕਾਰਜ ਯੋਜਨਾ ਵੀ ਤਿਆਰ ਕੀਤੀ ਗਈ ਹੈ। ਲੋਕ ਸਭਾ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਬਿਰਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਉੱਚ-ਪੱਧਰੀ ਜਾਂਚ ਕਮੇਟੀ ਦੀ ਰਿਪੋਰਟ ‘ਜਲਦੀ’ ਸਦਨ ਵਿੱਚ ਸਾਂਝੀ ਕੀਤੀ ਜਾਵੇਗੀ। ਬਿਰਲਾ ਨੇ ਪੱਤਰ ਵਿੱਚ ਕਿਹਾ, ‘‘ਇਸ ਤੋਂ ਇਲਾਵਾ ਮੈਂ ਉੱਚ ਤਾਕਤੀ ਕਮੇਟੀ ਬਣਾਈ ਹੈ, ਜੋ ਸੰਸਦੀ ਕੰਪਲੈਕਸ ਵਿੱਚ ਸੁਰੱਖਿਆ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕਰ ਕੇ ਮਜ਼ਬੂਤ ਕਾਰਜ ਯੋਜਨਾ ਤਿਆਰ ਕਰੇਗੀ, ਤਾਂ ਕਿ ਇਹ ਯਕੀਨੀ ਬਣ ਸਕੇ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×