ਤਨਖਾਹ ਨਾ ਮਿਲਣ ਕਾਰਨ ਸੁਰੱਖਿਆ ਕਾਮੇ ਔਖੇ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਜੁਲਾਈ
ਇਥੋਂ ਦੇ ਵਾਟਰ ਵਰਕਸ ਦੇ ਸੁਰੱਖਿਆ ਕਰਮਚਾਰੀ ਤਨਖਾਹਾਂ ਨਾ ਮਿਲਣ ਕਾਰਨ ਦੋ ਵਕਤ ਦੀ ਰੋਟੀ ਨੂੰ ਤਰਸ ਰਹੇ ਹਨ। ਨਗਰ ਨਿਗਮ ਦੇ ਕਜੌਲੀ ਵਾਟਰ ਵਰਕਸ ਸਮੇਤ ਸ਼ਹਿਰ ਦੇ ਅੱਠ ਵਾਟਰ ਵਰਕਸ ’ਤੇ ਡਿਊਟੀ ਨਿਭਾਊਣ ਵਾਲੇ 39 ਸੁਰੱਖਿਆ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਕਰਮਚਾਰੀ ਅੱਜ ਆਪਣਾ ਦਰਦ ਬਿਆਨ ਕਰਨ ਨਗਰ ਨਿਗਮ ਦੇ ਚੀਫ ਇੰਜਨੀਅਰ ਦੇ ਦਫਤਰ ਪਹੁੰਚੇ ਅਤੇ ਠੇਕੇਦਾਰ ਤੋਂ ਤਨਖਾਹ ਦਿਵਾਉਣ ਲਈ ਅਰਜ਼ੋਈ ਕੀਤੀ। ਊਨ੍ਹਾਂ ਨੇ ਦੱਸਿਆ ਕਿ ਚੀਫ ਇੰਜਨੀਅਰ ਨੇ ਇਸ ਮੁੱਦੇ ਬਾਰੇ ਠੇਕੇਦਾਰ ਨਾਲ ਹੀ ਗੱਲ ਕਰਨ ਦਾ ਭਰੋਸਾ ਦੇ ਕੇ ਮੰਗ ਪੱਤਰ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਸੁਰੱਖਿਆ ਕਰਮਚਾਰੀ ਭਗਵਾਨ. ਬੋਬੀ, ਗੁਰਜੰਟ, ਬਲਬੀਰ, ਵਿਕਾਸ ਤੇ ਹੋਰਨਾਂ ਨੇ ਦੱਸਿਆ ਕਿ ਅਕਸਰ ਹੀ ਉਨ੍ਹਾਂ ਦੀ ਤਨਖਾਹ ਤੈਅ ਸਮੇਂ ਤੋਂ ਲੇਟ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਬੱਚਿਆਂ ਦੀ ਫੀਸ ਭਰਨੀ ਮੁਸ਼ਕਲ ਹੋ ਗਈ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਣ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਚੀਫ ਇੰਜਨੀਅਰ ਨੂੰ ਮਿਲਣ ਤੋਂ ਬਾਅਦ ਨਿਗਮ ਦੇ ਐਕਸੀਅਨ ਹਰੀਸ਼ ਸੈਣੀ ਨੂੰ ਵੀ ਮਿਲੇ। ਸ੍ਰੀ ਸੈਣੀ ਨੇ ਦੱਸਿਆ ਕਿ ਚੀਫ ਇੰਜੀਨਿਅਰ ਨੇ ਉਨ੍ਹਾਂ ਨੂੰ ਸਮੱਸਿਆ ਹੱਲ ਕਰਨ ਲਈ ਕਿਹਾ ਹੈ ਅਤੇ ਛੇਤੀ ਹੀ ਸਬੰਧਤ ਠੇਕੇਦਾਰ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਤਨਖਾਹ ਰਿਲੀਜ਼ ਕਰਨ ਲਈ ਕਿਹਾ ਜਾਵੇਗਾ। ਇਸ ਬਾਰੇ ਠੇਕੇਦਾਰ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਕਈਂ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।