ਖੁਫ਼ੀਆ ਜਾਣਕਾਰੀ ਮਿਲਣ ਮਗਰੋਂ ਫੜਨਵੀਸ ਦੀ ਸੁਰੱਖਿਆ ਵਧਾਈ: ਮਹਾਜਨ
ਪੁਣੇ/ਮੁੰਬਈ, 2 ਨਵੰਬਰ
ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਅੱਜ ਕਿਹਾ ਕਿ ਖੁਫੀਆ ਜਾਣਕਾਰੀ ਮਿਲਣ ਮਗਰੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਪੁਲੀਸ ਨੇ ਇਹਤਿਆਤ ਵਜੋਂ ਫੜਨਵੀਸ ਦੀ ਸੁਰੱਖਿਆ ਵਧਾਈ ਹੈ।
ਉਨ੍ਹਾਂ ਦੱਸਿਆ ਕਿ ਫੜਨਵੀਸ ਨੂੰ ਫਿਲਹਾਲ ‘ਜ਼ੈੱਡ ਪਲੱਸ’ ਸੁਰੱਖਿਆ ਮਿਲੀ ਹੋਈ ਹੈ, ਜਿਸ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਪੁਲੀਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਸੰਭਾਲਦੀ ਹੈ। ਮਹਾਜਨ ਨੇ ਪੁਣੇ ’ਚ ਪੱਤਰਕਾਰਾਂ ਨੂੰ ਕਿਹਾ, ‘ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮਗਰੋਂ ਫੜਨਵੀਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।’ ਸ਼ਿਵ ਸੈਨਾ (ਯੂਬੀਟੀ) ਨੇ ਨੇਤਾ ਸੰਜੈ ਰਾਊਤ ਨੇ ਇਸ ਮੁੱਦੇ ’ਤੇ ਫੜਨਵੀਸ ’ਤੇ ਵਿਅੰਗ ਕੀਤਾ। ਰਾਊਤ ਨੇ ਪੁੱਛਿਆ, ‘ਫੜਨਵੀਸ ਨੂੰ ਕਿਸ ਤੋਂ ਖਤਰਾ ਹੈ? ਉਹ ਸੂਬੇ ਦੇ ਗ੍ਰਹਿ ਮੰਤਰੀ ਹਨ। ਕੀ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਖਤਰਾ ਹੈ? ਗ੍ਰਹਿ ਮੰਤਰੀ ਕਿਵੇਂ ਆਪਣੀ ਸੁਰੱਖਿਆ ਵਧਾ ਸਕਦੇ ਹਨ ਅਤੇ ਅਤਿਵਾਦੀਆਂ ਦਾ ਮੁਕਾਬਲਾ ਕਰਨ ਲਈ ਸਿਖਲਾਈ ਪ੍ਰਾਪਤ ਕਮਾਂਡੋ ਤਾਇਨਾਤ ਕਰ ਸਕਦੇ ਹਨ। ਕੀ ਇਜ਼ਰਾਈਲ, ਯੂਕਰੇਨ ਫੜਨਵੀਸ ’ਤੇ ਹਮਲਾ ਕਰਨ ਜਾ ਰਹੇ ਹਨ।’ ਮਹਾਜਨ ਨੇ ਰਾਊਤ ਨੂੰ ਜਵਾਬ ਦਿੰਦਿਆਂ ਕਿਹਾ ਕਿ ਰਾਊਤ ਇਹ ਵੀ ਪੁੱਛ ਸਕਦੇ ਹਨ ਕਿ ਪ੍ਰਧਾਨ ਮੰਤਰੀ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਕਿਉਂ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਰੀਆਂ ਟਿੱਪਣੀਆਂ ਬੇਬੁਨਿਆਦ ਹਨ। -ਪੀਟੀਆਈ