ਲਾਲ ਕਿਲੇ ਨੇੜੇ ਸੁਰੱਖਿਆ ਵਧਾਈ
ਨਵੀਂ ਦਿੱਲੀ, 12 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਲਾਲ ਕਿਲੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਮੱਦੇਨਜ਼ਰ ਲਾਲ ਕਿਲਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਸੰਬੋਧਨ ਕਰਨ ਵੇਲੇ ਇੱਥੇ 10,000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ ਤੇ ਵੱਖ-ਵੱਖ ਥਾਈਂ ਇੱਕ ਹਜ਼ਾਰ ਤੋ ਵੱਧ ਕੈਮਰੇ ਲਾਏ ਜਾਣਗੇ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਗਸ਼ਤ ਅਤੇ ਚੈਕਿੰਗ ਤੇਜ਼ ਕਰ ਦਿੱਤੀ ਹੈ। ਇਸੇ ਤਰ੍ਹਾਂ ਹੋਟਲਾਂ, ਗੈਸਟ ਹਾਊਸ, ਪਾਰਕਿੰਗਾਂ ਅਤੇ ਰੈਸਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦਿੱਲੀ ਪੁਲੀਸ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜਘਾਟ, ਆਈਟੀਓ ਅਤੇ ਲਾਲ ਕਿਲੇ ਨੇੜੇ ਸੀਆਰਪੀਸੀ ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਇਨ੍ਹਾਂ ਖੇਤਰਾਂ ’ਚ ਕਿਸੇ ਕਿਸਮ ਦਾ ਇਕੱਠ ਨਹੀਂ ਕੀਤਾ ਜਾ ਸਕਦਾ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਾਲ 20,000 ਤੋਂ ਵੱਧ ਅਧਿਕਾਰੀ ਅਤੇ ਨਾਗਰਿਕ ਸੁਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ। ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਨੇ ਕਿਹਾ ਕਿ ਜਦੋਂ ਤੱਕ ਸਮਾਗਮ ਖ਼ਤਮ ਨਹੀਂ ਹੁੰਦਾ, ਉਦੋਂ ਤੱਕ ਲਾਲ ਕਿਲੇ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਪਤੰਗ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਤੰਗਾਂ ਨੂੰ ਰੋਕਣ ਲਈ ਲੋੜੀਂਦੇ ਸਾਜ਼ੋ-ਸਾਮਾਨ ਸਮੇਤ ਕਈ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਇੱਕ ਪਤੰਗ ਮੰਚ ਕੋਲ ਆ ਗਈ ਸੀ। ਪੁਲੀਸ ਮੁਤਾਬਕ ਲਾਲ ਕਿਲੇ ’ਤੇ ਐਂਟੀ ਡਰੋਨ ਸਿਸਟਮ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਅਤੇ ਹੋਰ ਵੀਵੀਆਈਪੀ ਮਹਿਮਾਨਾਂ ਦੀ ਸੁਰੱਖਿਆ ਲਈ ਨੇੜਲੇ ਸਥਾਨਾਂ ’ਤੇ ਸਨਾਈਪਰ, ਸਵੈਟ ਕਮਾਂਡੋ, ਪਤੰਗ ਫੜਨ ਵਾਲੇ ਅਤੇ ਸ਼ਾਰਪਸ਼ੂਟਰ ਤਾਇਨਾਤ ਕੀਤੇ ਜਾਣਗੇ। -ਪੀਟੀਆਈ
ਫੁੱਲ ਡਰੈੱਸ ਰਿਹਰਸਲ ਦੇ ਮੱਦੇਨਜ਼ਰ ਅੱਜ ਅੱਠ ਮਾਰਗ ਰਹਿਣਗੇ ਬੰਦ
ਦਿੱਲੀ ਟਰੈਫਿਕ ਪੁਲੀਸ ਨੇ ਭਲਕੇ 13 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਹੋਣ ਵਾਲੀ ਫੁੱਲ ਡਰੈਸ ਰਿਹਰਸਲ ਦੇ ਮੱਦੇਨਜ਼ਰ ਵਾਹਨਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਅਨੁਸਾਰ ਨੇਤਾਜੀ ਸੁਭਾਸ਼ ਮਾਰਗ, ਲੋਥੀਅਨ ਮਾਰਗ, ਐੱਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਮਾਰਗ, ਨਿਸ਼ਾਦ ਰਾਜ ਮਾਰਗ, ਐਸਪਲੇਨੇਡ ਮਾਰਗ ਅਤੇ ਇਸ ਦੀਆਂ ਲਿੰਕ ਸੜਕਾਂ, ਰਾਜਘਾਟ ਤੋਂ ਆਈਐੱਸਬੀਟੀ ਤੱਕ ਰਿੰਗ ਰੋਡ ਅਤੇ ਆਈਐਸਬੀਟੀ ਤੋਂ ਆਈਪੀ ਫਲਾਈਓਵਰ ਤੱਕ ਆਊਟਰ ਰਿੰਗ ਰੋਡ ਐਤਵਾਰ ਨੂੰ ਸਵੇਰੇ 4 ਵਜੇ ਤੋਂ 11 ਵਜੇ ਤੱਕ ਬੰਦ ਰਹਿਣਗੇ। ਇਸ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ਸਮੇਤ ਸਾਰੀਆਂ ਸਿਟੀ ਬੱਸਾਂ 12 ਅਗਸਤ ਦੀ ਅੱਧੀ ਰਾਤ ਤੋਂ 13 ਅਗਸਤ ਸਵੇਰੇ 11 ਵਜੇ ਤੱਕ ਰਿੰਗ ਰੋਡ ਅਤੇ ਆਈਐਸਬੀਟੀ ਤੋਂ ਐਨਐਚ-24 (ਐਨਐਚ-9)/ਐਨਐਚ ਟੀ-ਪੁਆਇੰਟ ਦੇ ਵਿਚਕਾਰ ਨਹੀਂ ਚੱਲਣਗੀਆਂ।
15 ਅਗਸਤ ਨੂੰ ਜਲਦੀ ਸ਼ੁਰੂ ਹੋਵੇਗੀ ਦਿੱਲੀ ਮੈਟਰੋ ਸੇਵਾ
ਲਾਲ ਕਿਲੇ ’ਤੇ ਆਜ਼ਾਦੀ ਦਿਹਾੜੇ ਦੇ ਜਸ਼ਨਾਂ ’ਚ ਸ਼ਾਮਲ ਹੋਣ ਵਾਲੇ ਯਾਤਰੀਆਂ ਦੀ ਸਹੂਲਤ ਲਈ 15 ਅਗਸਤ ਨੂੰ ਦਿੱਲੀ ਮੈਟਰੋ ਸੇਵਾਵਾਂ ਜਲਦੀ ਸ਼ੁਰੂ ਹੋ ਜਾਣਗੀਆਂ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਇੱਕ ਬਿਆਨ ਵਿੱਚ ਕਿਹਾ ਕਿ 77ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਚੁੱਕੇ ਗਏ ਸੁਰੱਖਿਆ ਕਦਮਾਂ ਦੇ ਮੱਦੇਨਜ਼ਰ ਸੋਮਵਾਰ ਸਵੇਰੇ 6 ਵਜੇ ਤੋਂ ਮੰਗਲਵਾਰ ਦੁਪਹਿਰ 2 ਵਜੇ ਤੱਕ ਸਾਰੇ ਦਿੱਲੀ ਮੈਟਰੋ ਸਟੇਸ਼ਨਾਂ ’ਤੇ ਪਾਰਕਿੰਗ ਸਹੂਲਤ ਉਪਲਬਧ ਨਹੀਂ ਹੋਵੇਗੀ। ਡੀਐਮਆਰਸੀ ਨੇ ਕਿਹਾ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਯਾਤਰੀਆਂ ਦੀ ਸਹੂਲਤ ਲਈ ਸਾਰੀਆਂ ਲਾਈਨਾਂ ’ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਣਗੀਆਂ।