ਪਰਵਾਸੀ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਦੀ ਘਟਨਾ ਮਗਰੋਂ ਹਰਿਆਣਾ ’ਚ ਸੁਰੱਖਿਆ ਵਧਾਈ
ਚਰਖੀ ਦਾਦਰੀ (ਹਰਿਆਣਾ), 1 ਸਤੰਬਰ
ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਬੀਤੇ ਦਿਨ ਗਊ ਮਾਸ ਖਾਣ ਦੇ ਸ਼ੱਕ ਵਿੱਚ ਪੱਛਮੀ ਬੰਗਾਲ ਨਾਲ ਸਬੰਧਤ ਇਕ ਪਰਵਾਸੀ ਕਾਮੇ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਦੀ ਘਟਨਾ ਵਾਪਰਨ ਤੋਂ ਬਾਅਦ ਪੁਲੀਸ ਨੇ ਅਸ਼ਾਂਤੀ ਫੈਲਣ ਜਾਂ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਬਾਢੜਾ ਦੇ ਡੀਐੱਸਪੀ ਭਾਰਤ ਭੂਸ਼ਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਸੂਬਾ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਸੋਸ਼ਲ ਮੀਡੀਆ ਪੋਸਟਾਂ ’ਤੇ ਪੁਲੀਸ ਵੱਲੋਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਪੀੜਤ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦਾ ਵਸਨੀਕ ਸੀ ਅਤੇ ਕਬਾੜ ਚੁਗਣ ਦਾ ਕੰਮ ਕਰਦਾ ਸੀ। ਅਸੀਂ ਜ਼ਿਲ੍ਹੇ ਵਿੱਚ ਐੱਸਐੱਸਬੀ ਦੀ ਇਕ ਕੰਪਨੀ ਅਤੇ ਸੂਬਾ ਪੁਲੀਸ ਤਾਇਨਾਤ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਪੋਸਟਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।’’ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਕਥਿਤ ਹੱਤਿਆ ਦੇ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ