For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਰੱਖਿਆ ਵਧਾਈ

08:15 AM Aug 06, 2024 IST
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਰੱਖਿਆ ਵਧਾਈ
ਮੁਹਾਲੀ ਵਿੱਚ ਮੁਲਾਜ਼ਮਾਂ ਨੂੰ ਹਦਾਇਤਾਂ ਦਿੰਦੇ ਹੋਏ ਐੱਸਐੱਸਪੀ ਦੀਪਕ ਪਾਰਿਕ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 5 ਅਗਸਤ
ਇੱਥੋਂ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਅਧਿਕਾਰੀ ਵੱਲੋਂ ਆਪਣੇ ਆਈਆਰਐੱਸ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪੁਲੀਸ ਚੌਕਸ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਸਣੇ ਪੰਜਾਬ ਦੇ ਮੁਹਾਲੀ, ਖਰੜ ਤੇ ਹੋਰਨਾਂ ਥਾਵਾਂ ਦੀਆਂ ਅਦਾਲਤਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੁਲੀਸ ਨੇ ਅੱਜ ਸੁਰੱਖਿਆ ਘੇਰਾ ਵਧਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਸਾਰੇ ਦਾਖ਼ਲਾ ਗੇਟਾਂ ’ਤੇ ਪੁਲੀਸ ਨੇ ਸਖ਼ਤ ਪਹਿਰਾ ਦਿੱਤਾ। ਇਸ ਦੌਰਾਨ ਪੁਲੀਸ ਨੇ ਅਦਾਲਤੀ ਕੰਪਲੈਕਸ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਦਰਵਾਜ਼ਿਆਂ ’ਤੇ ਮੈਟਲ ਡਿਟੈਕਟਰ ਲਗਾ ਦਿੱਤੇ। ਅਦਾਲਤ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਮੈਟਲ ਡਿਟੈਕਟਰ ਨਾਲ ਚੈੱਕਿੰਗ ਕੀਤੀ ਗਈ ਅਤੇ ਚੈਕਿੰਗ ਤੋਂ ਬਾਅਦ ਹੀ ਹਰ ਕਿਸੇ ਨੂੰ ਅਦਾਲਤੀ ਕੰਪਲੈਕਸ ਵਿੱਚ ਦਾਖਲ ਹੋਣ ਦਿੱਤਾ। ਪੁਲੀਸ ਨੇ ਵਕੀਲਾਂ ਦੇ ਚੈਂਬਰਾਂ ਵਾਲੇ ਪਾਸੇ ਤੋਂ ਦਾਖ਼ਲ ਹੋਣ ਵਾਲੇ ਗੇਟਾਂ ’ਤੇ ਵੀ ਸਖ਼ਤੀ ਕੀਤੀ। ਪੁਲੀਸ ਵੱਲੋਂ ਸ਼ੱਕੀਆਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਵੀ ਕੀਤੀ ਗਈ।
ਦੂਜੇ ਪਾਸੇ, ਪੰਜਾਬ ਪੁਲੀਸ ਨੇ ਵੀ ਜ਼ਿਲ੍ਹਾ ਮੁਹਾਲੀ ਤੇ ਰੋਪੜ ਵਿੱਚ ਸਥਿਤ ਜ਼ਿਲ੍ਹਾ ਤੇ ਸਬ-ਡਿਵੀਜ਼ਨਲ ਅਦਾਲਤਾਂ ਵਿੱਚ ਚੌਕਸੀ ਵਧਾ ਦਿੱਤੀ ਹੈ। ਅੱਜ ਪੰਜਾਬ ਪੁਲੀਸ ਨੇ ਦੁਪਹਿਰੇ 11 ਤੋਂ 2 ਵਜੇ ਤੱਕ ਅਦਾਲਤੀ ਕੰਪਲੈਕਸਾਂ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਚੈਕਿੰਗ ਕੀਤੀ। ਇਸ ਦੌਰਾਨ ਅਦਾਲਤ ਵਿੱਚ ਦਾਖ਼ਲ ਹੋਣ ਵਾਲੇ ਸ਼ੱਕੀਆਂ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਪੁਲੀਸ ਨੇ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ 3 ਅਗਸਤ ਦਿਨ ਸ਼ਨਿਚਰਵਾਰ ਨੂੰ ਪੰਜਾਬ ਪੁਲੀਸ ਦੇ ਸਾਬਕਾ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੇ ਅਦਾਲਤੀ ਕੰਪਲੈਕਸ ਵਿੱਚ ਸਥਿਤ ਮੀਡੀਏਸ਼ਨ ਸੈਂਟਰ ਦੇ ਨਜ਼ਦੀਕ ਆਪਣੇ ਆਈਆਰਐੱਸ ਅਧਿਕਾਰੀ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਮਲਵਿੰਦਰ ਸਿੰਘ ਸਿੱਧੂ ਦੇ ਅਦਾਲਤ ਵਿੱਚ ਹਥਿਆਰ ਲਿਜਾਣ ਕਰ ਕੇ ਅਦਾਲਤੀ ਕੰਪਲੈਕਸ ਦੀ ਸੁਰੱਖਿਆ ’ਤੇ ਸਵਾਲ ਉੱਠੇ ਸਨ।

Advertisement

ਪੰਜਾਬ ਪੁਲੀਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ: ਦੀਪਕ ਪਾਰਿਕ

ਐਸਏਐਸ ਨਗਰ (ਮੁਹਾਲੀ): (ਦਰਸ਼ਨ ਸਿੰਘ ਸੋਢੀ): ਮੁਹਾਲੀ ਦੇ ਨਵੇਂ ਐੱਸਐੱਸਪੀ ਦੀਪਕ ਪਾਰਿਕ ਨੇ ਚਾਰਜ ਸੰਭਾਲਣ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਚੈਕਿੰਗ ਅਭਿਆਨ ਚਲਾਇਆ ਅਤੇ ਸਮੂਹ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਸਣੇ ਜ਼ਿਲ੍ਹੇ ਵਿਚਲੀਆਂ ਹੋਰਨਾਂ ਸਰਕਾਰੀ ਇਮਾਰਤਾਂ ਦੀ ਵਿਆਪਕ ਪੱਧਰ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਐੱਸਐੱਸਪੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਦੀ ਚੈਕਿੰਗ ਦੌਰਾਨ ਡਾਗ ਸਕੁਐਡ, ਬੰਬ ਰੋਧਕ ਦਸਤਿਆਂ ਸਣੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਚੈਕਿੰਗ ਦੇ ਅਮਲ ਨੂੰ ਸਿਰੇ ਚੜ੍ਹਾਇਆ। ਇਸ ਦੌਰਾਨ ਅਦਾਲਤ ਕੰਪਲੈਕਸ ਦੇ ਰਸਤਿਆਂ ’ਤੇ ਲਾਏ ਸੁਰੱਖਿਆ ਯੰਤਰਾਂ (ਮੈਟਲ ਡਿਟੈਕਟਰਜ਼) ਦਾ ਵੀ ਨਿਰੀਖਣ ਕੀਤਾ ਤੇ ਮੈਨੂਅਲ ਮੈਟਲ ਡਿਟੈਕਰਟਰਜ਼ ਦੀ ਵੀ ਜਾਂਚ ਕੀਤੀ ਗਈ। ਪੁਲੀਸ ਨੇ ਕੰਪਲੈਕਸ ਵਿੱਚ ਖੜ੍ਹੇ ਵਾਹਨਾਂ ਦੀ ਵੀ ਜਾਂਚ-ਪੜਤਾਲ ਕੀਤੀ। ਇਸ ਮੌਕੇ ਡੀਐੱਸਪੀ ਹਰਸਿਮਰਨ ਸਿੰਘ ਬੱਲ, ਸੋਹਾਣਾ ਥਾਣੇ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਸਣੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ। ਸ੍ਰੀ ਪਾਰਿਕ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਣ ਲਈ ਪੁਲੀਸ ਗਸ਼ਤ ਅਤੇ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਆਮ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਟਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ਅਤੇ ਸਮਾਜ ਵਿਚਲੇ ਮਾੜੇ ਅਨਸਰਾਂ ਖ਼ਿਲਾਫ਼ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।

Advertisement

ਪੁਲੀਸ ਵੱਲੋਂ ਖਰੜ ਜੁਡੀਸ਼ੀਅਲ ਕੰਪਲੈਕਸ ਦੀ ਚੈਕਿੰਗ

ਖਰੜ (ਸ਼ਸ਼ੀ ਪਾਲ ਜੈਨ): ਸਥਾਨਕ ਪੁਲੀਸ ਵੱਲੋਂ ਅੱਜ ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਅਦਾਲਤੀ ਕੰਪਲੈਕਸ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐਂਟੀ ਸਾਬੋਤਾਜ ਟੀਮ ਅਤੇ ਡਾਗ ਸਕੁਐਡ ਵੀ ਮੌਜੂਦ ਸੀ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਸਪੀ ਸੰਧੂ ਨੇ ਕਿਹਾ ਕਿ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਅੱਜ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਬਾਥਰੂਮਾਂ, ਮੀਟਰ ਬਕਸੇ ਅਤੇ ਉੱਥੇ ਰੱਖੇ ਡਸਟਬਿਨਾਂ ਤੱਕ ਦੀ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਕੋਰਟ ਵਿਚ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੌਕੇ ਉਨ੍ਹਾਂ ਕੋਰਟ ਕੰਪਲੈਕਸ ਦੇ ਦਰਵਾਜ਼ੇ ’ਤੇ ਡੀਐੱਫਐੱਮਟੀ ਬਾਰੇ ਵੀ ਕੋਰਟ ਦੀ ਸੁਰੱਖਿਆ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਤੇ ਉਨ੍ਹਾਂ ਨੇ ਕੋਰਟ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਥਾਣਾ ਘੜੂੰਆਂ ਦੇ ਇੰਚਾਰਜ ਅਜੀਤ ਸਿੰਘ ਅਤੇ ਥਾਣਾ ਸਨੀ ਇਨਕਲੇਵ ਕੋਰਟ ਦੇ ਇੰਚਾਰਜ ਚਰਨ ਸਿੰਘ ਸਣੇ ਹੋਰ ਪੁਲੀਸ ਕਰਮੀ ਆਦਿ ਵੀ ਮੌਜੂਦ ਸਨ।

Advertisement
Author Image

sukhwinder singh

View all posts

Advertisement