ਆਈਆਈਐੱਮ ਕੈਂਪਸ ਵਿੱਚ ਸੁਰੱਖਿਆ ਵਧਾਈ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੁਲਾਈ
ਯੂਨੀਵਰਸਿਟੀ ਨੇੜੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ ਵਿੱਚ ਨਿਹੰਗ ਦੇ ਦਾਖਲ ਹੋਣ ਅਤੇ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਦੀ ਵਾਪਰੀ ਘਟਨਾ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇਥੇ ਸੁਰਖਿਆ ਪ੍ਰਬੰਧ ਮਜ਼ਬੂਤ ਕਰ ਦਿਤੇ ਗਏ ਅਤੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।
ਆਈਆਈਐਮ ਪ੍ਰਬੰਧਕਾਂ ਨੇ ਦੱਸਿਆ ਕਿ ਕੈਪਸ ਵਿਚ ਸੁਰੱਖਿਆ ਵਧਾ ਦਿੱਤੀ ਅਤੇ ਗੇਟ ‘ਤੇ ਵਾਧੂ ਗਾਰਡ ਤਾਇਨਾਤ ਕਰ ਦਿੱਤੇ। ਆਈਆਈਐੱਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੈਂਪਸ ਵਿੱਚ ਸੁਰੱਖਿਆ ਵਧਾਉਣ ਸਣੇ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜਦੋਂਕਿ ਛੇਹਰਟਾ ਪੁਲੀਸ ਸਟੇਸ਼ਨ ਦੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਆਈਆਈਐਮ ਅਧਿਕਾਰੀਆਂ ਤੋਂ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਇੱਕ ਨਿਹੰਗ ਕੈਂਪਸ ਵਿੱਚ ਦਾਖਲ ਹੋਇਆ ਅਤੇ ਸਿਗਰਟ ਪੀਣ ਤੋ ਰੋਕਦਿਆ ਵਿਦਿਆਰਥੀ ਦੀ ਬਾਂਹ ਵੱਢਣ ਦੀ ਧਮਕੀ ਦਿੱਤੀ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਸੰਸਥਾ ਦੀ ਬੱਸ ਵਿੱਚ ਕੈਂਪਸ ਤੋਂ ਹੋਸਟਲ ਵੱਲ ਜਾ ਰਹੇ ਸਨ। ਇੱਕ ਨਿਹੰਗ ਬੱਸ ਵਿੱਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਨੂੰ ਸਿਗਰਟ ਨਾ ਪੀਣ ਦੀ ਚੇਤਾਵਨੀ ਦਿੱਤੀ। ਉਸ ਨੇ ਡਰਾਈਵਰ ਨਾਲ ਬਹਿਸ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਸਾਰੇ ਵਿਦਿਆਰਥੀਆਂ ਨੂੰ ਕੈਂਪਸ ਦੇ ਬਾਹਰ ਸਿਗਰਟ ਨਾ ਪੀਣ ਤੋ ਰੋਕੇ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਨਿਹੰਗ ਨੇ ਗੇਟ ’ਤੇ ਖੜ੍ਹੇ ਸੁਰੱਖਿਆ ਗਾਰਡ ਨਾਲ ਬਦਸਲੂਕੀ ਕੀਤੀ। ਵਿਦਿਆਰਥੀ ਕੌਂਸਲ ਨੂੰ ਪੱਤਰ ਲਿਖ ਕੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ।