Salman Khan ਦੀ ਰਿਹਾਇਸ਼ ਦੀ ਸੁਰੱਖਿਆ ਵਧਾਈ, ਬੁਲੇਟਪਰੂਫ ਕੀਤੀ ਬਿਲਡਿੰਗ
ਮੁੰਬਈ, 7 ਜਨਵਰੀ
ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਦੇ ਇੱਥੇ ਬਾਂਦਰਾ ਇਲਾਕੇ ਵਿੱਚ ਸਥਿਤ ਰਿਹਾਇਸ਼ ਦੀ ਸੁਰੱਖਿਆ ਉਨ੍ਹਾਂ ਦੀ ਬਾਲਕੋਨੀ ਦੀ ਹਿਫ਼ਾਜ਼ਤ ਲਈ ਬੁਲੇਟਪਰੂਫ ਸ਼ੀਸ਼ੇ ਅਤੇ ਉੱਚ ਤਕਨੀਕ ਵਾਲਾ ਸੀਸੀਟੀਵੀ ਕੈਮਰਾ ਸਿਸਟਮ ਲਾ ਕੇ ਵਧਾ ਦਿੱਤੀ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਗਲੈਕਸੀ ਅਪਾਰਟਮੈਂਟ ਸਥਿਤ ਘਰ ਦੀ ਬਾਲਕੋਨੀ ਵਿਚ ਲਾਇਆ ਗਿਆ ਬੁਲੇਟਪਰੂਫ ਗਲਾਸ ਪੈਨਲ ਅਦਾਕਾਰ (Salman Khan) ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਇਹ ਸੁਰੱਖਿਆ ਵਾਧਾ ਅਪਰੈਲ 2024 ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਇਮਾਰਤ ਦੇ ਬਾਹਰ ਗੋਲੀਬਾਰੀ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ। ਸੁਰੱਖਿਆ ਲਈ ਇੱਕ ਉੱਚ-ਤਕਨੀਕੀ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਪਤਾ ਲਗਾਉਣ ਲਈ ਇਮਾਰਤ ਦੇ ਸਾਹਮਣੇ ਅਤੇ ਇਸਦੇ ਆਲੇ ਦੁਆਲੇ ਰੇਜ਼ਰ ਤਾਰ ਦੀ ਵਾੜ ਵੀ ਲਗਾਈ ਜਾ ਰਹੀ ਹੈ।
ਸਲਮਾਨ ਖਾਨ (Salman Khan) ਨੂੰ ਪਿਛਲੇ ਦਿਨੀਂ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲੀਆਂ ਸਨ। ਪ੍ਰਸ਼ਾਸਨ ਨੇ ਖਾਨ ਨੂੰ ਪਹਿਲਾਂ ਹੀ 24 ਘੰਟੇ ਪੁਲੀਸ ਸੁਰੱਖਿਆ ਦਿੱਤੀ ਹੋਈ ਹੈ। ਪੀਟੀਆਈ