ਦਿੱਲੀ ’ਚ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ, ਮੈਟਰੋ ਸਟੇਸ਼ਨਾਂ ਦੇ ਗੇਟ ਤੇ ਲਾਲ ਕਿਲਾ ਬੰਦ
ਮਨਧੀਰ ਸਿੰਘ ਦਿਓਲ/ਏਜੰਸੀ
ਨਵੀਂ ਦਿੱਲੀ, 13 ਫਰਵਰੀ
ਕਿਸਾਨ ਆਗੂਆਂ ਅਤੇ ਕੇਂਦਰ ਦਰਮਿਆਨ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਨੂੰ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਬਹੁ-ਪੱਧਰੀ ਬੈਰੀਅਰ, ਕੰਕਰੀਟ ਬੈਰੀਅਰ ਅਤੇ ਲੋਹੇ ਦੀਆਂ ਕਿੱਲਾਂ ਲਾਈਆਂ ਗਈਆਂ। ਕੰਟੇਨਰ ਦੀਵਾਰਾਂ ਲਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੌਮੀ ਰਾਜਧਾਨੀ ਦੀਆਂ ਤਿੰਨ ਸਰਹੱਦਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ 'ਤੇ ਦੰਗਾ ਵਿਰੋਧੀ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਮਾਰਚ ਦੇ ਮੱਦੇਨਜ਼ਰ ਕੁਝ ਥਾਵਾਂ ’ਤੇ ਆਰਜ਼ੀ ਜੇਲ੍ਹਾਂ ਵੀ ਬਣਾਈਆਂ ਗਈਆਂ ਹਨ। ਉਧਰ ਭਾਰਤੀ ਪੁਰਾਤੱਤਵ ਸਰਵੇਖਣ ਨੇ ਲਾਲ ਕਿਲੇ ਨੂੰ ਬੰਦ ਕਰ ਦਿੱਤਾ ਹੈ।
ਇਸ ਦੌਰਾਨ ਅੱਜ ਸਵੇਰੇ ਦਿੱਲੀ ਮੈਟਰੋ ਦੇ ਅੱਠ ਸਟੇਸ਼ਨਾਂ ਦੇ ਇੱਕ ਜਾਂ ਇੱਕ ਤੋਂ ਵੱਧ ਗੇਟ ਬੰਦ ਕਰ ਦਿੱਤੇ ਗਏ। ਹਾਲਾਂਕਿ ਇਹ ਸਟੇਸ਼ਨ ਬੰਦ ਨਹੀਂ ਹਨ ਅਤੇ ਯਾਤਰੀਆਂ ਨੂੰ ਦੂਜੇ ਗੇਟਾਂ ਰਾਹੀਂ ਦਾਖਲੇ ਅਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਸੁਰੱਖਿਆ ਪ੍ਰਬੰਧਾਂ ਲਈ ਗੇਟ ਬੰਦ ਕਰ ਦਿੱਤੇ ਗਏ ਹਨ। ਰਾਜੀਵ ਚੌਕ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਪਟੇਲ ਚੌਕ, ਉਦਯੋਗ ਭਵਨ, ਜਨਪਥ ਅਤੇ ਬਾਰਾਖੰਬਾ ਰੋਡ 'ਤੇ ਕਈ ਸਟੇਸ਼ਨਾਂ 'ਤੇ ਕਈ ਗੇਟ ਬੰਦ ਕਰ ਦਿੱਤੇ ਗਏ ਹਨ। ਖਾਨ ਮਾਰਕੀਟ ਮੈਟਰੋ ਸਟੇਸ਼ਨ ਦਾ ਇੱਕ ਗੇਟ ਅੱਜ ਬੰਦ ਕਰ ਦਿੱਤਾ ਗਿਆ।