ਡੇਰਾ ਸਿਰਸਾ ਦੀ ਬਰਾਂਚ ਖ਼ਿਲਾਫ਼ ਡਟੀਆਂ ਪੰਥਕ ਜਥੇਬੰਦੀਆਂ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਸਤੰਬਰ
ਇਥੋਂ ਨੇੜਲੇ ਪਿੰਡ ਕੋਟੜਾ ਕਲਾਂ ਵਿਚ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧਤ ਬਣ ਰਹੀ ਬਰਾਂਚ ਦਾ ਇਲਾਕੇ ਦੀਆਂ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਅੱਜ ਮਾਨਸਾ ਦੇ ਐੱਸਐੱਸਪੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਮੰਗ ਪੱਤਰ ਦਿੰਦਿਆਂ ਇਸ ਦੀ ਉਸਾਰੀ ਰੋਕਣ ਲਈ ਕਿਹਾ ਹੈ। ਪੰਥਕ ਜਥੇਬੰਦੀਆਂ ਵੱਲੋਂ ਬਾਬਾ ਬਖਸ਼ੀਸ ਸਿੰਘ ਅਤੇ ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਰੋਕ ਲਾਉਣ ਦੇ ਬਾਵਜੂਦ ਡੇਰਾ ਪੈਰੋਕਾਰ ਨਵਾਂ ਡੇਰਾ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਡੇਰੇ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਜੇ ਡੇਰੇ ਦਾ ਕੰਮ ਪ੍ਰਸ਼ਾਸਨ ਵੱਲੋਂ ਤੁਰੰਤ ਬੰਦ ਨਾ ਕਰਵਾਇਆ ਗਿਆ ਤਾਂ ਸਿੱਖ ਸੰਗਤ ਦੇ ਸਹਿਯੋਗ ਨਾਲ ਇਸ ਨੂੰ ਬੰਦ ਕਰਵਾਇਆ ਜਾਵੇਗਾ। ਪੰਥਕ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਲੈ ਕੇ 20 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸੇ ਦਿਨ 10 ਵਜੇ ਗੁਰਦੁਆਰਾ ਸਿੰਘ ਸਭਾ ਮਾਨਸਾ ਵਿੱਚ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਗ੍ਰੰਥੀ ਸਭਾਵਾਂ, ਸਤਿਕਾਰ ਕਮੇਟੀਆਂ, ਰਾਗੀ-ਢਾਡੀ ਅਤੇ ਕਵੀਸ਼ਰੀ ਪ੍ਰਚਾਰਕ ਸਭਾਵਾਂ ਸਣੇ ਪੰਥਕ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਜੈ ਸਿੰਘ ਭਾਦੜਾ, ਦਰਸ਼ਨ ਸਿੰਘ ਭਾਦੜਾ, ਕਰਨਪ੍ਰੀਤ ਸਿੰਘ ਜੋਗਾ ਵੀ ਮੌਜੂਦ ਸਨ।