ਪੰਥਕ ਇਕੱਠ: ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣਾਉਣ ਦਾ ਐਲਾਨ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 29 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਵੀਰ ਕੌਰ ਜੀ ਦੀ ਦੂਜੀ ਸਾਲਾਨਾ ਯਾਦ ਨੂੰ ਮਨਾਉਂਦੇ ਹੋਏ ਉਨ੍ਹਾਂ ਦੇ ਮੁੱਖ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਚ ਯਾਦਗਾਰੀ ਇਕੱਠ ਹੋਇਆ ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਪੰਥਕ ਆਗੂਆਂ ਸੰਤ ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ ’ਤੇ ਲੜਨ ਅਤੇ ਸਿੱਖ ਸੰਗਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦਾ ਐਲਾਨ ਕੀਤਾ ਜਿਸ ਵਿੱਚ ਪੰਥਕ ਇਕੱਠ ਵੱਲੋਂ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਸਿੱਖ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਦੀ ਜ਼ਿੰਮੇਵਾਰੀ ਲਗਾਈ ਗਈ ਕਿ ਉਹ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਅਰਦਾਸ ਕਰਨ ਤੇ ਇਸ ਉਪਰੰਤ 15 ਦਿਨਾਂ ਵਿੱਚ ਸਿੱਖ ਸੰਗਤਾਂ ਤੇ ਸੰਤ ਮਹਾਂਪੁਰਸ਼ਾਂ ਤੇ ਪੰਥਕ ਜਥੇਬੰਦੀਆਂ ਨਾਲ ਸਲਾਹ ਕਰ ਕੇ ਪ੍ਰਧਾਨ ਦਾ ਐਲਾਨ ਕਰਨਗੇ। ਉਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ।