HSGPC ਐੱਚਐੱਸਜੀਪੀਸੀ ਦਾ ਮੁਖੀ ਬਣਨ ਲਈ ਚੁਣੇ ਮੈਂਬਰਾਂ ਦੀ ਕੈਥਲ ਵਿੱਚ ਹੋਈ ਗੁਪਤ ਮੀਟਿੰਗ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ (ਕੈਥਲ), 28 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਚੋਣ ਮੁਕੰਮਲ ਹੋਣ ਤੋਂ ਬਾਅਦ ਕਮੇਟੀ ਦਾ ਨਵਾਂ ਮੁਖੀ ਨਿਯੁਕਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਅੱਜ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤਣ ਵਾਲੇ ਮੈਂਬਰਾਂ ਨੇ ਸ਼ਹਿਰ ਦੇ ਅੰਬਾਲਾ ਰੋਡ ’ਤੇ ਸਥਿਤ ਇੱਕ ਨਿੱਜੀ ਪੈਲੇਸ ਵਿੱਚ ਗੁਪਤ ਮੀਟਿੰਗ ਕੀਤੀ। ਇਹ ਮੀਟਿੰਗ ਲਗਾਤਾਰ ਪੰਜ ਘੰਟੇ ਚੱਲੀ ਪਰ ਇਸ ਮੀਟਿੰਗ ਵਿੱਚ ਵੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਮਾਮਲਾ ਹੱਲ ਨਹੀਂ ਹੋ ਸਕਿਆ। ਹਾਲਾਂਕਿ, ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਬਣਾਏ ਗਏ ਅਕਾਲ ਪੰਥਕ ਮੋਰਚੇ ਵਿੱਚ 25 ਮੈਂਬਰ ਹਨ। ਇਸ ਦੇ ਨਾਲ ਹੀ ਇਸ ਮੀਟਿੰਗ ਵਿੱਚ 19 ਮੈਂਬਰ ਸ਼ਾਮਲ ਹੋਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨ੍ਹਾਂ ਮੈਂਬਰਾਂ ਨੇ ਸਿਰਸਾ ਵਿੱਚ ਵੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਨਵਾਂ ਮੁਖੀ ਨਿਯੁਕਤ ਕਰਨ ਬਾਰੇ ਵੀ ਚਰਚਾ ਕੀਤੀ ਗਈ।
ਮੀਟਿੰਗ ਤੋਂ ਬਾਅਦ ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਪਿਛਲੀ ਮੀਟਿੰਗ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 25 ਮੈਂਬਰ ਹਨ ਅਤੇ ਉਨ੍ਹਾਂ ਦਾ ਪਰਿਵਾਰ ਪੂਰਾ ਹੈ। ਉਨ੍ਹਾਂ ਹੋਰਨਾਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਵੀ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਾਹੂਵਾਲਾ ਨੇ ਅਪੀਲ ਕੀਤੀ ਕਿ ਸਾਰੇ ਜੇਤੂ ਮੈਂਬਰ ਇਕੱਠੇ ਹੋ ਕੇ ਗੁਰੂਘਰਾਂ ਦੀ ਸੇਵਾ ਕਰਨ| ਉਨ੍ਹਾਂ ਨੂੰ ਇਕੱਠੇ ਹੋ ਕੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਅਤੇ ਗੁਰੂਘਰਾਂ ਦੀ ਸੇਵਾ ਲਈ ਕੰਮ ਕਰਨਾ ਚਾਹੀਦਾ ਹੈ।