ਦੂਜਾ ਟੈਸਟ: ਪਹਿਲੇ ਦਿਨ ਰਿਹਾ ਗੇਂਦਬਾਜ਼ਾਂ ਦਾ ਦਬਦਬਾ
ਕੇਪਟਾਊਨ, 3 ਜਨਵਰੀ
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਇੱਥੇ ਅੱਜ ਸ਼ੁਰੂ ਹੋਏ ਦੂਜੇ ਟੈਸਟ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਗੇਂਦਬਾਜ਼ਾਂ ਦਾ ਦਬਦਬਾ ਰਿਹਾ ਅਤੇ ਪੂਰੇ ਦਿਨ ਦੀ ਖੇਡ ਦੌਰਾਨ ਕੁੱਲ 23 ਵਿਕਟਾਂ ਡਿੱਗੀਆਂ। ਅੱਜ ਭਾਰਤੀ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ’ਚ 55 ਦੌੜਾਂ ’ਤੇ ਸਮੇਟ ਦਿੱਤਾ ਜਿਸ ਮਗਰੋਂ ਭਾਰਤੀ ਟੀਮ ਵੀ ਪਹਿਲੀ ਪਾਰੀ ’ਚ 153 ਦੌੜਾਂ ’ਤੇ ਆਊਟ ਹੋ ਗਈ। ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 62 ਦੌੜਾਂ ਬਣਾ ਲਈਆਂ ਸਨ ਅਤੇ ਉਹ ਮਹਿਮਾਨ ਟੀਮ ਤੋਂ ਹਾਲੇ ਵੀ 36 ਦੌੜਾਂ ਪਿੱਛੇ ਹੈ। ਖੇਡ ਖਤਮ ਹੋਣ ਸਮੇਂ ਏਡਨ ਮਾਰਕਰਾਮ 36 ਦੌੜਾਂ ’ਤੇ ਡੇਵਿਡ ਬੈਡਿੰਘਮ 7 ਦੌੜਾਂ ਬਣਾ ਕੇ ਨਾਬਾਦ ਸਨ।
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਜੋ ਟੀਮ ਨੂੰ ਰਾਸ ਨਾ ਆਇਆ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਮੇਜ਼ਬਾਨ ਬੱਲੇਬਾਜ਼ ਬੇਵੱਸ ਨਜ਼ਰ ਆਏ ਤੇ ਪੂਰੀ ਟੀਮ 23.2 ਓਵਰਾਂ ’ਚ 55 ਦੌੜਾਂ ’ਤੇ ਹੀ ਆਊਟ ਹੋ ਗਈ। ਸਿਰਫ ਦੋ ਬੱਲੇਬਾਜ਼ ਡੇਵਿਡ ਬੈਡਿੰਗਮ (12) ਅਤੇ ਕੇ. ਵੈਰੀਯੇਨੇ (15) ਹੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 15 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਜਸਪ੍ਰੀਤ ਬੁਮਰਾਹ ਅਤੇ ਮੁਕੇਸ਼ ਕੁਮਾਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਭਾਰਤੀ ਟੀਮ ਵੀ ਪਹਿਲੀ ਪਾਰੀ ’ਚ ਸਿਰਫ 34.5 ਓਵਰਾਂ ’ਚ 153 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਜਦਕਿ ਕਪਤਾਨ ਰੋਹਿਤ ਸ਼ਰਮਾ 39 ਦੌੜਾਂ ਤੇ ਸ਼ੁਭਮਨ ਗਿੱਲ 36 ਦੌੜਾਂ ਬਣਾ ਕੇ ਆਊਟ ਹੋਏ। ਸ਼੍ਰੇਅਸ ਅਈਅਰ ਤੇ ਰਵਿੰਦਰ ਜਡੇਜਾ ਸਣੇ ਛੇ ਬੱਲੇਬਾਜ਼ ਖਾਤਾ ਵੀ ਨਾ ਖੋਲ੍ਹ ਸਕੇ। ਦੱਖਣੀ ਅਫਰੀਕਾ ਵੱਲੋਂ ਕੈਗਿਸੋ ਰਬਾਡਾ, ਲੁੰਗੀ ਐਨਗਿਡੀ ਤੇ ਨਾਂਦਰੇ ਬਰਗਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। -ਪੀਟੀਆਈ