ਭਾਰਤ ਨੇ ਦੂਜੇ ਟੈਸਟ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕੀਤੀ
ਕੇਪਟਾਊਨ, 4 ਜਨਵਰੀ
ਭਾਰਤ ਨੇ ਇੱਥੇ ਦੂਜੇ ਅਤੇ ਆਖਰੀ ਟੈਸਟ ਦੇ ਦੂਜੇ ਦਿਨ ਅੱਜ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਭਾਰਤ ਨੂੰ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਸੀ। ਦੂਜੇ ਟੈਸਟ ਦੀ ਪਹਿਲੀ ਪਾਰੀ 'ਚ 55 ਦੌੜਾਂ 'ਤੇ ਆਊਟ ਹੋਏ ਦੱਖਣੀ ਅਫਰੀਕਾ ਨੇ ਦੂਜੀ ਪਾਰੀ 'ਚ 176 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਪੰਜ ਸੈਸ਼ਨਾਂ ਵਿੱਚ 12 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 80 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤੀ ਟੀਮ ਪਹਿਲੀ ਪਾਰੀ ’ਚ 153 ਦੌੜਾਂ ਆਊਟ ਹੋ ਗਈ ਸੀ।ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀਆਂ 6 ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਦੀ ਟੀਮ ਦੂਜੇ ਦਿਨ ਅੱਜ ਦੁਪਹਿਰ ਦੇ ਖਾਣੇ ਤੱਕ ਦੂਜੀ ਪਾਰੀ ਵਿਚ 176 ਦੌੜਾਂ 'ਤੇ ਆਊਟ ਹੋ ਗਈ ਅਤੇ ਭਾਰਤ ਨੂੰ ਜਿੱਤ ਲਈ 79 ਦੌੜਾਂ ਦੀ ਲੋੜ ਸੀ। ਮੇਜ਼ਬਾਨ ਟੀਮ ਸਲਾਮੀ ਬੱਲੇਬਾਜ਼ ਏਡਨ ਮਾਰਕਰਮ (106 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ ਇਸ ਸਕੋਰ ਤੱਕ ਪਹੁੰਚ ਸਕੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 61 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਮੁਕੇਸ਼ ਕੁਮਾਰ ਨੇ ਦੋ ਵਿਕਟਾਂ, ਜਦਕਿ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ ਨੇ ਇਕ-ਇਕ ਵਿਕਟ ਲਈ। ਦੱਖਣੀ ਅਫਰੀਕਾ ਨੇ ਸਵੇਰ ਦੀ ਸ਼ੁਰੂਆਤ ਤਿੰਨ ਵਿਕਟਾਂ 'ਤੇ 62 ਦੌੜਾਂ ਤੋਂ ਕੀਤੀ, ਜਦੋਂ ਮਾਰਕਰਮ 36 ਦੌੜਾਂ 'ਤੇ ਖੇਡ ਰਿਹਾ ਸੀ। ਮਾਰਕਰਮ ਨੇ 99 ਗੇਂਦਾਂ ਵਿੱਚ 16 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਮੈਚ ਟੈਸਟ ਕ੍ਰਿਕਟ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਟੈਸਟ ਮੈਚ ਹੈ।