ਦੂਜਾ ਟੈਸਟ ਮੈਚ: ਮੀਂਹ ਕਾਰਨ ਖੇਡ ’ਚ ਪਿਆ ਅੜਿੱਕਾ
ਕਾਨਪੁਰ, 27 ਸਤੰਬਰ
ਭਾਰਤ ਖਿਲਾਫ਼ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਅੱਜ ਤੇਜ਼ ਗੇਂਦਬਾਜ਼ ਅਕਾਸ਼ਦੀਪ ਵੱਲੋਂ ਦਿੱਤੇ ਝਟਕਿਆਂ ਕਾਰਨ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਾ ਰਹੀ। ਹਾਲਾਂਕਿ ਇਸ ਦੌਰਾਨ ਮੀਂਹ ਪੈਣ ਕਾਰਨ ਖੇਡ ਵਿਚਾਲੇ ਹੀ ਰੋਕ ਦਿੱਤੀ ਗਈ। ਖੇਡ ਰੋਕੇ ਜਾਣ ਤੱਕ ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਅੱਜ ਅਕਾਸ਼ਦੀਪ ਨੇ ਮਹਿਮਾਨ ਟੀਮ ਦੇ ਸਲਾਮੀ ਬੱਲੇਬਾਜ਼ਾਂ ਜ਼ਾਕਿਰ ਹੁਸੈਨ (0) ਤੇ ਸ਼ਾਦਮਾਨ ਇਸਲਾਮ (24 ਦੌੜਾਂ) ਨੂੰ ਪਵੈਲੀਅਨ ਮੋੜਿਆ। ਸਪਿਨ ਗੇਂਦਬਾਜ਼ ਆਰ. ਅਸ਼ਿਵਨ ਨੇ ਬੰਗਲਾਦੇਸ਼ੀ ਕਪਤਾਨ ਐੱਨਐੱਚ ਸ਼ਾਂਟੋ (31 ਦੌੜਾਂ) ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਅਸ਼ਿਵਨ ਏਸ਼ੀਆ ਮਹਾਦੀਪ ’ਚ ਟੈਸਟ ਮੈਚਾਂ ’ਚ ਸਭ ਤੋਂ ਵੱਧ 420 ਵਿਕਟਾਂ ਲੈਣ ਵਾਲਾ ਭਾਰਤੀ ਬਣ ਗਿਆ ਹੈ। ਉਂਜ ਅਸ਼ਿਵਨ ਦੇ ਨਾਮ ਕੁੱਲ 522 ਵਿਕਟਾਂ ਦਰਜ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਅਨਿਲ ਕੁੰਬਲੇ ਦੇ ਨਾਮ ਸੀ ਜਿਸ ਨੇ ਏਸ਼ੀਆ ’ਚ ਖੇਡੇ ਟੈਸਟ ਮੈਚਾਂ ’ਚ 419 ਵਿਕਟਾਂ ਹਾਸਲ ਕੀਤੀਆਂ ਸਨ। ਇਸ ਮਾਮਲੇ ’ਚ ਹਰਭਜਨ ਸਿੰਘ ਤੀਜੇ ਸਥਾਨ ’ਤੇ ਹੈ। -ਪੀਟੀਆਈ