ਦੂਜਾ ਟੈਸਟ: ਸੁੰਦਰ ਦੀਆਂ 7 ਵਿਕਟਾਂ ਨਾਲ ਭਾਰਤ ਦੀ ਸਥਿਤੀ ਮਜ਼ਬੂਤ
ਪੁਣੇ, 24 ਅਕਤੂਬਰ
ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ (59 ਦੌੜਾਂ ’ਤੇ ਸੱਤ ਵਿਕਟਾਂ) ਦੀ ਸ਼ਾਨਦਾਰ ਆਫ ਸਪਿੰਨ ਗੇਂਦਬਾਜ਼ੀ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੌਰਾਨ 259 ਦੌੜਾਂ ’ਤੇ ਸਮੇਟਦਿਆਂ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ’ਤੇ 16 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ 10 ਅਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਛੇ ਦੌੜਾਂ ਬਣਾ ਕੇ ਕਰੀਜ਼ ’ਤੇ ਮੌਜੂਦ ਹਨ। ਨਿਊਜ਼ੀਲੈਂਡ ਨੇ ਦੂਜੇ ਓਵਰ ਵਿੱਚ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਸਿਫ਼ਰ ’ਤੇ ਹੀ ਆਊਟ ਕਰ ਦਿੱਤਾ।
ਕੁਲਦੀਪ ਯਾਦਵ ਦੀ ਜਗ੍ਹਾ ਟੀਮ ਵਿੱਚ ਥਾਂ ਬਣਾਉਣ ਵਾਲੇ ਸੁੰਦਰ ਨੇ ਲਗਪਗ ਢਾਈ ਸਾਲ ਮਗਰੋਂ ਟੈਸਟ ਟੀਮ ’ਚ ਵਾਪਸੀ ਕਰਦਿਆਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਸ ਦੇ ਨਾਮ ਚਾਰ ਟੈਸਟ ਮੈਚਾਂ ’ਚ ਛੇ ਵਿਕਟਾਂ ਸਨ। ਭਾਰਤ ਲਈ ਰਵੀਚੰਦਰਨ ਅਸ਼ਿਵਨ ਨੇ 64 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭਾਰਤੀ ਧਰਤੀ ’ਤੇ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੈਸਟ ਮੈਚ ਵਿੱਚ ਸਾਰੀਆਂ 10 ਵਿਕਟਾਂ ਸੱਜੇ ਹੱਥ ਦੇ ਆਫ ਸਪਿੰਨਰਾਂ ਨੇ ਲਈਆਂ ਹੋਣ। ਅਸ਼ਿਵਨ ਡੇਵੋਨ ਕੌਨਵੇ ਨੂੰ ਆਊਟ ਕਰਕੇ ਆਪਣੀਆਂ ਵਿਕਟਾਂ ਦੀ ਗਿਣਤੀ 531 ਤੱਕ ਪਹੁੰਚਾ ਕੇ ਆਸਟਰੇਲੀਆ ਦੇ ਨਾਥਨ ਲਿਓਨ ਤੋਂ ਅੱਗੇ ਨਿਕਲ ਗਿਆ। ਨਿਊਜ਼ੀਲੈਂਡ ਲਈ ਡੇਵੋਨ ਕੌਨਵੇ ਨੇ 76, ਰਚਿਨ ਰਵਿੰਦਰਾ ਨੇ 65 ਅਤੇ ਮਿਸ਼ੇਲ ਸੈਂਟਨਰ ਨੇ 33 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ