ਦੂਜਾ ਟੈਸਟ: ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ
ਵਿਸ਼ਾਖਾਪਟਨਮ, 5 ਫਰਵਰੀ
ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਿਵਨ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਦੇ ਚੌਥੇ ਦਿਨ ਅੱਜ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਜਿੱਤ ਲਈ 399 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਦੂਜੀ ਪਾਰੀ 292 ਦੌੜਾਂ ’ਤੇ ਸਮੇਟ ਕੇ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜਿੱਤ ਨਾਲ ਭਾਰਤ ਨੇ ਲੜੀ ਨੂੰ 1-1 ਨਾਲ ਬਰਾਬਰ ਕਰ ਲਿਆ।
ਭਾਰਤੀ ਟੀਮ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੇ ਸਿਰ ’ਤੇ ਪਹਿਲੀ ਪਾਰੀ ’ਚ 396 ਦੌੜਾਂ ਬਣਾਉਣ ਮਗਰੋਂ ਇੰਗਲੈਂਡ ਦੀ ਪਹਿਲੀ ਪਾਰੀ ਨੂੰ 253 ਦੌੜਾਂ ’ਤੇ ਸਮੇਟ ਦਿੱਤਾ ਸੀ। ਦੂਜੀ ਪਾਰੀ ਵਿੱਚ ਸ਼ੁਭਮਨ ਗਿੱਲ (104) ਸੈਂਕੜਾ ਜੜ ਕੇ ਲੈਅ ਹਾਸਲ ਕਰਨ ’ਚ ਸਫ਼ਲ ਰਿਹਾ। ਉਸ ਦੀ ਪਾਰੀ ਨਾਲ ਟੀਮ 255 ਦੌੜਾਂ ਬਣਾ ਕੇ ਇੰਗਲੈਂਡ ਨੂੰ ਵੱਡਾ ਟੀਚਾ ਦੇਣ ’ਚ ਸਫ਼ਲ ਰਹੀ।
ਇੰਗਲੈਂਡ ਨੇ ਹੈਦਰਾਬਾਦ ਵਿੱਚ ਖੇਡੇ ਗਏ ਪਹਿਲੇ ਮੈਚ ਨੂੰ 28 ਦੌੜਾਂ ਨਾਲ ਜਿੱਤਿਆ ਸੀ। ਲੜੀ ਦਾ ਤੀਜਾ ਮੈਚ ਰਾਜਕੋਟ ਵਿੱਚ 15 ਫਰਵਰੀ ਨੂੰ ਖੇਡਿਆ ਜਾਵੇਗਾ। ਇੰਗਲੈਂਡ ਲਈ ਜੈਕ ਕਰਾਊਲੀ ਨੇ 73 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਲੈਣ ਵਾਲੇ ਮੈਨ ਆਫ ਦਿ ਮੈਚ ਬੁਮਰਾਹ ਨੇ ਇਸ ਪਾਰੀ ਵਿੱਚ 46 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ, ਜਦਕਿ ਰਵੀਚੰਦਰਨ ਅਸ਼ਿਵਨ ਨੇ 72 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਹਾਲਾਂਕਿ ਟੈਸਟ ਵਿੱਚ ਉਹ 500 ਵਿਕਟਾਂ ਦਾ ਮਾਅਰਕਾ ਨਹੀਂ ਮਾਰ ਸਕਿਆ ਅਤੇ ਇਸ ਰਿਕਾਰਡ ਤੋਂ ਇੱਕ ਵਿਕਟ ਦੂਰ ਹੈ। ਇਸੇ ਤਰ੍ਹਾਂ ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਮੁਕੇਸ਼ ਕੁਮਾਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ
ਡਬਲਿਊਟੀਸੀ ਰੈਂਕਿੰਗ ਵਿੱਚ ਦੂਜੇ ਪਾਇਦਾਨ ’ਤੇ ਪੁੱਜਿਆ ਭਾਰਤ
ਦੁਬਈ: ਇੰਗਲੈਂਡ ਖ਼ਿਲਾਫ਼ ਅੱਜ ਵਿਸ਼ਾਖਾਪਟਨਮ ਵਿੱਚ ਦੂਜੇ ਕ੍ਰਿਕਟ ਟੈਸਟ ਵਿੱਚ 106 ਦੌੜਾਂ ਦੀ ਜਿੱਤ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਵਿੱਚ ਤਿੰਨ ਸਥਾਨ ਅੱਗੇ ਵਧਦਿਆਂ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੇ ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਭਾਰਤ ਦੂਜੇ ਟੈਸਟ ਵਿੱਚ ਸ਼ਾਨਦਾਰ ਜਿੱਤ ਨਾਲ ਇੱਕ ਵਾਰ ਫਿਰ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਅਤੇ ਉਸ ਨੇ ਆਈਸੀਸੀ ਡਬਲਿਊਟੀਸੀ 2023-25 ਸੂਚੀ ਵਿੱਚ ਸਿਖਰ ’ਤੇ ਚੱਲ ਰਹੇ ਆਸਟਰੇਲੀਆ ਅਤੇ ਆਪਣੇ ਦਰਮਿਆਨ ਫਰਕ ਨੂੰ ਘੱਟ ਕੀਤਾ ਹੈ। ਹੈਦਰਾਬਾਦ ਵਿੱਚ ਪਹਿਲੇ ਟੈਸਟ ’ਚ ਹਾਰ ਮਗਰੋਂ ਭਾਰਤ ਪੰਜਵੇਂ ਸਥਾਨ ’ਤੇ ਖਿਸਕ ਗਿਆ ਸੀ। ਵਿਸ਼ਾਖਾਪਟਨਮ ਵਿੱਚ ਜਿੱਤ ਨਾਲ ਭਾਰਤ ਦੇ ਅੰਕ ਫ਼ੀਸਦੀ 52.77 ਹੋ ਗਏ ਹਨ, ਜਦਕਿ ਆਸਟਰੇਲੀਆ 55.00 ਫ਼ੀਸਦੀ ਅੰਕ ਨਾਲ ਸਿਖਰ ’ਤੇ ਹੈ। ਸੂਚੀ ਵਿੱਚ ਸਿਖਰਲੀਆਂ ਪੰਜ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਹੈ ਅਤੇ ਉਨ੍ਹਾਂ ਦਰਮਿਆਨ ਸਿਰਫ਼ ਪੰਜ ਫ਼ੀਸਦੀ ਅੰਕ ਦਾ ਅੰਤਰ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਦੋ ਮੈਚਾਂ ਦੀ ਲੜੀ ਡਰਾਅ ਕਰਾ ਕੇ ਭਾਰਤ ਕੁੱਝ ਸਮੇਂ ਲਈ ਸਿਖਰ ’ਤੇ ਆਇਆ ਸੀ ਪਰ ਆਸਟਰੇਲੀਆ ਪਾਕਿਸਤਾਨ ਨੂੰ ਹਰਾ ਕੇ ਮੁੜ ਸਿਖਰ ’ਤੇ ਪਹੁੰਚ ਗਿਆ ਸੀ। ਭਾਰਤ ਅਤੇ ਇੰਗਲੈਂਡ ਦਰਮਿਆਨ ਪੰਜ ਮੈਚਾਂ ਦੀ ਲੜੀ ਦਾ ਤੀਜਾ ਟੈਸਟ ਰਾਜਕੋਟ ਵਿੱਚ 15 ਫਰਵਰੀ ਨੂੰ ਖੇਡਿਆ ਜਾਵੇਗਾ। -ਪੀਟੀਆਈ