ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਅੱਜ ਤੋਂ
ਕੇਪਟਾਊਨ, 2 ਜਨਵਰੀ
ਪਹਿਲੇ ਟੈਸਟ ’ਚ ਸ਼ਰਮਨਾਕ ਹਾਰ ਤੋਂ ਬਾਅਦ ਵਾਪਸੀ ਕਰਨ ਲਈ ਭਾਰਤੀ ਗੇਂਦਬਾਜ਼ਾਂ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਭਲਕੇ ਬੁੱਧਵਾਰ ਨੂੰ ਸ਼ੁਰੂ ਹੋ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਦੋ ਮੈਚਾਂ ਦੀ ਲੜੀ ਵਿੱਚ ਦੱਖਣੀ ਅਫਰੀਕਾ 1-0 ਨਾਲ ਅੱਗੇ ਹੈ। ਹਰਫ਼ਨਮੌਲਾ ਰਵਿੰਦਰ ਜਡੇਜਾ ਦੀ ਵਾਪਸੀ ਨਾਲ ਮੱਧਕ੍ਰਮ ਮਜ਼ਬੂਤ ਹੋਵੇਗਾ ਅਤੇ ਉਹ ਵਿਚਲੇ ਓਵਰਾਂ ਵਿੱਚ ਪੁਰਾਣੀ ਗੇਂਦ ਖ਼ਿਲਾਫ਼ ਕਾਰਗਰ ਸਾਬਤ ਹੋ ਸਕਦਾ ਹੈ। ਭਾਰਤ ਲਈ ਤੀਜੇ ਅਤੇ ਚੌਥੇ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੋਵੇਗੀ। ਪ੍ਰਸਿੱਧ ਕ੍ਰਿਸ਼ਨਾ ਹਾਲੇ ਟੈਸਟ ਲਈ ਤਿਆਰ ਨਹੀਂ ਹੈ ਤੇ ਸ਼ਾਰਦੁਲ ਠਾਕੁਰ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ। ਸਿਖਰਲੇ ਤਿੰਨ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੀ ਖਰਾਬ ਲੈਅ ਵੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਬਾਊਂਸਰਾਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਕੇਐਲ ਰਾਹੁਲ ਅਤੇ ਦੂਜੀ ਪਾਰੀ ਵਿੱਚ ਵਿਰਾਟ ਕੋਹਲੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਵੱਧ ਉਛਾਲ ਦਾ ਸਾਹਮਣਾ ਨਹੀਂ ਕਰ ਸਕਿਆ। ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਮਿਲੀ ਹਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਕਪਤਾਨ ਰੋਹਿਤ ਸ਼ਰਮਾ ਲਈ ਪਿਛਲੇ ਛੇ ਹਫ਼ਤੇ ਚੰਗੇ ਨਹੀਂ ਰਹੇ। ਇਹ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਹੋ ਸਕਦੀ ਹੈ ਜਿਸ ’ਤੇ ਸਪਿੰਨਰਾਂ ਨੂੰ ਜ਼ਿਆਦਾ ਮਦਦ ਨਹੀਂ ਮਿਲੇਗੀ। -ਪੀਟੀਆਈ