ਦੂਜਾ ਸਰਾਭਾ ਬਾਬਾ ਸੱਜਣ ਸਿੰਘ ਨਾਰੰਗਵਾਲ
ਜਸਦੇਵ ਸਿੰਘ ਲਲਤੋਂ
ਸੱਜਣ ਸਿੰਘ ਦਾ ਜਨਮ 1898 ’ਚ ਪਿਤਾ ਮੀਹਾਂ ਸਿੰਘ ਦੇ ਘਰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੂੰ ਮੁੱਢਲੀ ਵਿਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾਇਆ ਗਿਆ। ਵੱਡੇ ਭਰਾ ਹਰਦਿੱਤ ਸਿੰਘ ਨੇ ਸੱਜਣ ਸਿੰਘ ਨੂੰ ਬਹੁਤ ਪੜ੍ਹਾਇਆ ਜੋ ਹਿਸਾਬ ਵਿਸ਼ੇ ਦੇ ਬੜੇ ਮਾਹਿਰ ਸਨ। ਜਮਾਤ ’ਚੋਂ ਹੁਸ਼ਿਆਰ ਹੋਣ ਕਰਕੇ ਉਹ ਮਨੀਟਰ ਬਣਦਾ ਰਿਹਾ। ਪੰਜਵੀਂ ਤੋਂ ਲਗਾਤਾਰ ਵਜੀਫ਼ਾ ਮਿਲਣ ਲੱਗਿਆ ਅਤੇ ਉੀ ਵਰਨੈਕੂਲਰ ਮਿਡਲ ਸਕੂਲ ਗੁੱਜਰਵਾਲ ਵਿਖੇ ਪੜ੍ਹਨ ਲੱਗਿਆ। 1912 ਤੋਂ ਉਹ ਲੁਧਿਆਣੇ ਮਾਲਵਾ ਖਾਲਸਾ ਹਾਈ ਸਕੂਲ ’ਚ ਪੜ੍ਹਨ ਲੱਗਿਆ। ਜੂਨੀਅਰ ਸੀਨੀਅਰ ਪਾਸ ਕਰਕੇ 1914 ’ਚ ਨੌਵੀਂ ਜਮਾਤ ’ਚ ਦਾਖਲ ਹੋ ਗਿਆ। ਇਸੇ ਸਮੇਂ ਦੌਰਾਨ ਪਹਿਲੀ ਆਲਮੀ ਜੰਗ ਛਿੜ ਪਈ। ਅਮਰੀਕਾ ’ਚ ਬਣੀ ਗ਼ਦਰ ਪਾਰਟੀ ਨੇ ਸਮਝ ਬਣਾਈ ਕਿ ਬਰਤਾਨਵੀ ਫ਼ੌਜਾਂ ਭਾਰੀ ਗਿਣਤੀ ’ਚ ਵਿਦੇਸ਼ੀਂ ਜੰਗੀ ਮੋਰਚਿਆਂ ’ਤੇ ਗਈਆਂ ਹੋਣ ਕਰਕੇ ਹਿੰਦੋਸਤਾਨ ’ਚੋਂ ਇਨ੍ਹਾਂ ਦਾ ਜ਼ੋਰ ਕਾਫ਼ੀ ਘਟ ਜਾਵੇਗਾ। ਸੋ ਫ਼ੈਸਲਾ ਕੀਤਾ ਕਿ ਹਿੰਦ ਜਾ ਕੇ ਦੇਸੀ ਫ਼ੌਜੀਆਂ ਤੇ ਆਮ ਲੋਕਾਂ ਨੂੰ ਨਾਲ ਜੋੜ ਕੇ ਹਥਿਆਰਬੰਦ ਗ਼ਦਰ ਰਾਹੀਂ ਫਰੰਗੀ ਰਾਜ ਦਾ ਤਖ਼ਤ ਪਲਟਿਆ ਜਾਵੇ। ਸਮੁੰਦਰੀ ਜਹਾਜ਼ਾਂ ਰਾਹੀਂ ਅੱਠ ਹਜ਼ਾਰ ਦੇ ਕਰੀਬ ਗ਼ਦਰੀ ਯੋਧੇ ਹਿੰਦੋਸਤਾਨ ਪੁੱਜੇ। ਸਕੂਲ ਪੜ੍ਹਦਾ ਸੱਜਣ ਸਿੰਘ, ਬਾਹਰੋਂ ਆਏ ਗ਼ਦਰੀਆਂ- ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਟੁੰਡੀਲਾਟ ਵਰਗਿਆਂ ਦੇ ਸੰਪਰਕ ’ਚ ਆ ਗਿਆ। ‘ਗ਼ਦਰ’ ਅਖ਼ਬਾਰ ਦੇ ਲੇਖਾਂ ਅਤੇ ‘ਗ਼ਦਰ ਦੀ ਗੂੰਜ’ ਦੀਆਂ ਕਵਿਤਾਵਾਂ ਨੇ ਉਸ ਦੇ ਹਿਰਦੇ ਅੰਦਰ ਗੋਰੀ ਹਕੂਮਤ ਵਿਰੁੱਧ ਨਫ਼ਰਤ ਦੇ ਭਾਂਬੜ ਬਾਲ ਦਿੱਤੇ ਤੇ ਦੇਸ਼ ਦੀ ਆਜ਼ਾਦੀ ਦੀ ਤਾਂਘ ਨੂੰ ਉੱਚਾ ਕਰ ਦਿੱਤਾ। ਸੋ ਉਹ ਪੜ੍ਹਾਈ ਵਿਚਕਾਰ ਛੱਡ ਕੇ ਗ਼ਦਰ ਪਾਰਟੀ ਦੀ ਲਹਿਰ ’ਚ ਦਿਨ ਰਾਤ ਕੁੱਲਵਕਤੀ ਕੰਮ ਕਰਨ ਲੱਗਿਆ। ਗ਼ਦਰ ਦੀ ਤਾਰੀਖ਼ ਪਹਿਲਾਂ 21 ਫਰਵਰੀ ਤੇ ਫਿਰ 19 ਫਰਵਰੀ 1914 ਮਿਥੀ ਗਈ। ਉਸ ਦੀ ਡਿਊਟੀ ਗ਼ਦਰ ਦੀ ਤਿਆਰੀ ਲਈ ਮੀਆਂਮੀਰ ਛਾਉਣੀ (ਨੇੜੇ ਲਾਹੌਰ) ਲੱਗੀ। ਗ਼ਦਰ ਦੇ ਵੱਡੇ ਮੁਖ਼ਬਰ ਕ੍ਰਿਪਾਲ ਸਿੰਘ ਬਾਰੇ ਸਭ ਤੋਂ ਪਹਿਲਾਂ ਸੱਜਣ ਸਿੰਘ ਨੇ ਬੁੱਝਿਆ ਤੇ ਪਾਰਟੀ ਦੇ ਉਤਲੇ ਆਗੂਆਂ ਨੂੰ ਤੁਰੰਤ ਦੱਸ ਦਿੱਤਾ ਸੀ। ਆਗੂਆਂ ਨੇ ਸੱਜਣ ਸਿੰਘ ਦੀ ਡਿਊਟੀ ਲਗਾਈ ਕਿ ਉਹ ਕ੍ਰਿਪਾਲ ਸਿੰਘ ਨੂੰ ਸੁਰਸਿੰਘ ਪਿੰਡ ਲੈ ਜਾਵੇ, ਉੱਥੇ ਗ਼ਦਰ ਦੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਖ਼ਤਮ ਕਰ ਦੇਵੇ ਤੇ ਉੱਥੋਂ ਵੱਧ ਤੋਂ ਵੱਧ ਬੰਦੇ ਲੈ ਕੇ ਮੀਆਂਮੀਰ ਛਾਉਣੀ ਪੁੱਜੇ। ਦੂਜੇ ਪਾਸੇ ਕ੍ਰਿਪਾਲ ਸਿੰਘ ਨੂੰ ਵੀ ਗ਼ਦਰੀ ਵਿਉਂਤ ਦਾ ਸ਼ੰਕਾ ਹੋ ਗਿਆ ਸੀ। ਉਸ ਨੇ ਸੱਤ ਆਗੂ ਪੁਲੀਸ ਨੂੰ ਫੜਾ ਦਿੱਤੇ, ਪਰ ਸੱਜਣ ਸਿੰਘ ਹੁਸ਼ਿਆਰੀ ਨਾਲ ਬਚ ਨਿਕਲਿਆ। 19 ਫਰਵਰੀ ਦੀ ਤਰੀਕ ਦੀ ਸੂਚਨਾ ਵੀ ਦੁਸ਼ਮਣ ਨੂੰ ਮਿਲ ਗਈ ਤੇ ਸਿੱਟੇ ਵਜੋਂ ਗ਼ਦਰ ਵਕਤੀ ਤੌਰ ’ਤੇ ਅਸਫ਼ਲ ਹੋ ਗਿਆ। ਫੜੋ ਫੜੀ ਦੇ ਦੌਰ ’ਚ ਸੈਂਕੜੇ ਗ਼ਦਰੀ ਫੜੇ ਗਏ। ਸੱਜਣ ਸਿੰਘ ਸਿਰਮੌਰ ਇਨਕਲਾਬੀ ਆਗੂ ਰਾਸ ਬਿਹਾਰੀ ਬੋਸ ਦਾ ਵਿਸ਼ਵਾਸਪਾਤਰ ਸੀ। ਉਸ ਨੇ ਬੋਸ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਤੇ ਲਾਹੌਰ ’ਚੋਂ ਬਾਹਰ ਨਿਕਲਣ ਲਈ ਬਣਦੀ ਸਹਾਇਤਾ ਕੀਤੀ। ਸੱਜਣ ਸਿੰਘ ਸ਼ਾਹਦਰੇ ਤੋਂ ਗੱਡੀ ਚੜ੍ਹ ਕੇ ਲਾਇਲਪੁਰ ਵੱਲ ਚਲਾ ਗਿਆ। ਪਹਿਲਾਂ ਸੱਜਣ ਸਿੰਘ ਨੂੰ ਅੰਗਰੇਜ਼ ਭਗਤ ‘ਸਰਦਾਰ ਬਹਾਦਰ’ (ਗੱਜਣ ਸਿੰਘ ਨਾਰੰਗਵਾਲ) ਨੇ ਲੁਧਿਆਣੇ ਫੜਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸਫਲ ਨਾ ਹੋਇਆ। ਬਾਅਦ ’ਚ ਗੱਜਣ ਸਿੰਘ ਦੇ ਭਰਾ ਨੰਬਰਦਾਰ ਕਰਮ ਸਿੰਘ ਨੇ ਬਾਰ ਵਿੱਚ (ਚੱਕ ਨੰਬਰ 530, ਨਾਰੰਗਵਾਲ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ) ਸੱਜਣ ਸਿੰਘ ਨੂੰ ਫੜਾਉਣ ਲਈ ਕਈ ਹੀਲੇ ਕੀਤੇ ਜੋ ਨਾਕਾਮ ਰਹੇ। ਅੰਤ ’ਚ ਉਸ ਨੇ ਸੱਜਣ ਸਿੰਘ ਦੇ ਘਰਦਿਆਂ ਨੂੰ ਗੁੰਮਰਾਹ ਕਰ ਕੇ 19 ਜੂਨ ਨੂੰ ਲਾਇਲਪੁਰ ਪੁਲੀਸ ਪਾਸ ਪੇਸ਼ ਕਰਵਾ ਦਿੱਤਾ। ਨੰਬਰਦਾਰ ਤੇ ਪੁਲੀਸ ਨੇ ਉਸ ਨੂੰ ਵਾਅਦਾ ਮੁਆਫ਼ ਗਵਾਹ ਬਣਾਉਣ ਲਈ ਪੂਰਾ ਜ਼ੋਰ ਲਾਇਆ, ਪਰ ਉਹ ਆਪਣੇ ਇਮਾਨ ’ਤੇ ਡਟਿਆ ਰਿਹਾ। ਲਾਹੌਰ ਸਪਲੀਮੈਂਟਰੀ ਸਾਜ਼ਿਸ਼ ਕੇਸ (ਦੂਜਾ ਕੇਸ) ਦੇ 100 ਦੇ ਕਰੀਬ ਬੰਦਿਆਂ ’ਚੋਂ ਇਕੱਲੇ ਸੱਜਣ ਸਿੰਘ ਨੂੰ ਬੇੜੀ ਲੱਗੀ ਹੋਣ ਕਰਕੇ ਵਾਅਦਾ ਮੁਆਫ਼ ਵਸਾਵਾ ਸਿੰਘ ਲਹੁਕੇ ਨੇ ਆਸਾਨੀ ਨਾਲ ਪਛਾਣ ਕਰ ਲਈ। ਤਿੰਨ ਜੱਜਾਂ ਨੇ ਕਿਹਾ, ‘‘ਇਹ ਮੁਜ਼ਰਿਮ ਬੇਹੱਦ ਖ਼ਤਰਨਾਕ, ਪਛਤਾਵਾ ਰਹਿਤ, ਦੂਜਾ ਕਰਤਾਰ ਸਿੰਘ ਸਰਾਭਾ ਹੀ ਹੈ। ਰਾਸ ਬਿਹਾਰੀ ਬੋਸ ਦਾ ਕਰੀਬੀ ਹੋਣਾ ਇਸ ਦੀ ਪੁਸ਼ਟੀ ਹੈ। ਫਾਂਸੀ ਦਾ ਹੱਕਦਾਰ ਹੈ, ਪਰ ਦਫ਼ਾ 121/131 ਅਧੀਨ ਨਾਬਲਿਗ ਹੋਣ ਕਰਕੇ ਉਮਰ ਕੈਦ, ਜਾਇਦਾਦ ਜ਼ਬਤੀ ਤੇ ਕਾਲੇਪਾਣੀ ਭੇਜਣ ਦੀ ਸਜ਼ਾ ਦਿੱਤੀ ਜਾਂਦੀ ਹੈ।’’ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਗ਼ਦਰੀ ਸੂਰਮਿਆਂ ਨੇ ਕਾਲੇਪਾਣੀ ਦੇ ਕੁੰਭੀ ਨਰਕ ’ਚ ਅਸਹਿ ਤੇ ਅਕਹਿ ਜ਼ੁਲਮ ਪਿੰਡਿਆਂ ’ਤੇ ਝੱਲਿਆ ਅਤੇ ਜਾਨਾਂ ਵਾਰ ਦਿੱਤੀਆਂ ਸਨ। ਇਸ ਦੇ ਸਿੱਟੇ ਵਜੋਂ ਕਾਲੇਪਾਣੀ ਦੇ ਕਮਿਸ਼ਨਰ ਨੇ ਹੋਰ ਰਾਜਸੀ ਕੈਦੀ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ। ਸੋ ਸੱਜਣ ਸਿੰਘ ਨੂੰ 30 ਮਾਰਚ 1916 ਨੂੰ ਰਾਵਲਪਿੰਡੀ ਜੇਲ੍ਹ ’ਚ ਭੇਜਿਆ ਗਿਆ। ਚੱਕੀ ਪੀਹਣ, ਕਾਗਜ਼ ਘੋਟਣ ਵਰਗੀਆਂ ਬਾਮੁਸ਼ੱਕਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਤੇ ਫਾਂਸੀ ਕੋਠੜੀ ’ਚ ਬੰਦ ਰੱਖਿਆ ਜਾਂਦਾ ਰਿਹਾ। ਕਰੀਬ 16 ਮਹੀਨਿਆਂ ਪਿੱਛੋਂ ਅਗਸਤ 1917 ’ਚ ਹਜ਼ਾਰੀ ਬਾਗ ਜੇਲ੍ਹ ਭੇਜਿਆ ਗਿਆ। ਭਾਈ ਰਣਧੀਰ ਸਿੰਘ ਦੀ ਸੰਗਤ ਹੋਣ ਸਦਕਾ ਸੱਜਣ ਸਿੰਘ ਸਮੇਤ ਬਹੁਤੇ ਰਾਜਸੀ ਕੈਦੀ ਜ਼ਿਆਦਾ ਸਮਾਂ ਗੁਰਬਾਣੀ ਪੜ੍ਹਦੇ, ਕੀਰਤਨ ਅਤੇ ਧਾਰਮਿਕ ਵਿਚਾਰਾਂ ਕਰਦੇ। ਜੇਲ੍ਹ ਸਖ਼ਤੀਆਂ ਵਿਰੁੱਧ ਕਈ ਵਾਰ ਭੁੱਖ ਹੜਤਾਲਾਂ ਵੀ ਕੀਤੀਆਂ ਗਈਆਂ ਤੇ ਪ੍ਰਾਪਤੀਆਂ ਵੀ ਹੁੰਦੀਆਂ ਰਹੀਆਂ। ਅੱਠ-ਨੌਂ ਮਾਰਚ 1918 ਦੀ ਰਾਤ ਨੂੰ ਉੱਚੀ ਉੱਚੀ ਪਾਠ ਕਰਦੇ, ਜੇਲ੍ਹ ਕੰਧਾਂ ’ਚ ਪਾੜ ਲਾਉਣ ਲਈ ਚਲਦੀਆਂ ਸੱਬਲਾਂ ਦਾ ਸ਼ੋਰ ਦੱਬਦੇ ਹੋਏ, ਦੋ ਪਹਿਰੇਦਾਰਾਂ ਨੂੰ ਕਾਬੂ ਕਰ ਕੇ ਚਾਬੀਆਂ ਨਾਲ ਬੈਰਕਾਂ ਖੋਲ੍ਹ ਕੇ ਕੈਦੀ ਬਾਹਰ ਕੱਢਦੇ ਹੋਏ, ਅੰਦਰਲੀਆਂ ਗਾਰਦਾਂ ਨੂੰ ਬੰਬ ਸੁੱਟ ਕੇ ਉਡਾਉਣ ਦੀਆਂ ਧਮਕੀਆਂ ਦੇ ਕੇ, ਜੇਲ੍ਹ ਅਲਾਰਮ ਵੱਜਣ ਦੇ ਬਾਵਜੂਦ 18-18 ਫੁੱਟ ਉੱਚੀਆਂ ਕੰਧਾਂ ਟੱਪ ਕੇ ਅਤੇ ਬਾਹਰਲੀਆਂ ਗਾਰਦਾਂ ਦਾ ਡਾਂਗਾਂ ਖੋਹ ਕੇ ਮੁਕਾਬਲਾ ਕਰਦੇ ਹੋਏ 18 ਸੂਰਮੇ ਜੇਲ੍ਹ ’ਚੋਂ ਫਰਾਰ ਹੋ ਗਏ। ਸੱਤ ਜਣੇ ਜ਼ਿਆਦਾ ਜ਼ਖ਼ਮੀ ਹੋਣ ਕਰਕੇ ਰਾਹ ’ਚ ਛੱਡਣੇ ਪਏ, ਪਰ ਸੱਜਣ ਸਿੰਘ ਸਮੇਤ 11 ਗ਼ਦਰੀ ਕਈ ਦਿਨ ਜੰਗਲਾਂ ’ਚ ਭਾਰੀ ਮੁਸੀਬਤਾਂ ਅਤੇ ਭੁੱਖ ਪਿਆਸ ਝੱਲਦੇ ਰਹੇ। ਸੋਨ ਦਰਿਆ ਨੂੰ ਪਾਰ ਕਰਦੇ ਸਮੇਂ ਬਾਹਰਲੇ ਗ਼ਲਤ ਬੰਦੇ ਸਮਝ ਕੇ ਸਥਾਨਕ ਲੋਕਾਂ ਦੀ ਵੱਡੀ ਵਾਹਰ ਵੱਲੋਂ ਕੀਤੇ ਗਏ ਹਮਲੇ ’ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਸਾਸਾਰਾਮ ਹਸਪਤਾਲ ਪਹੁੰਚੇ। ਚਾਰ ਅਪਰੈਲ 1918 ਨੂੰ ਗ੍ਰਿਫ਼ਤਾਰੀ ਪਾ ਕੇ ਮੁੜ ਹਜ਼ਾਰੀ ਬਾਗ ’ਚ ਡੱਕਿਆ ਤੇ ਕੋਠੀ ਬੰਦ ਕੀਤਾ ਗਿਆ। ਜੇਲ੍ਹ ਤੋੜਨ ਦਾ ਨਵਾਂ ਮੁਕੱਦਮਾ ਚੱਲਿਆ ਤੇ ਦੋ ਸਾਲ ਦੀ ਹੋਰ ਸਜ਼ਾ ਸੁਣਾਈ ਅਤੇ ਪੈਰੀਂ ਬੇੜੀ ਲਗਾਈ ਗਈ। ਇੱਥੇ ਸੱਜਣ ਸਿੰਘ ਦੀ ਉਂਗਲੀ ਕੱਟੇ ਜਾਣ ਕਾਰਨ ਪਲਮ ਦੌੜ ਜਾਣ ਕਰਕੇ ਪੂਰੀ ਬਾਂਹ ਕੱਟਣ ਲਈ ਡਾਕਟਰੀ ਟੀਮ ਪੁੱਜ ਚੁੱਕੀ ਸੀ। ਉਸ ਨੇ ਡਾਕਟਰਾਂ ਨੂੰ ਕਿਹਾ, ‘‘ਕਲੋਰੋਫਾਰਮ ਸੁੰਘਾਉਣ ਦੀ ਕੋਈ ਲੋੜ ਨਹੀਂ। ਬਾਂਹ ਚੀਰ ਦਿਉ, ਜੇ ਭੋਰਾ ਭਰ ਵੀ ਜ੍ਹਿਮਕਿਆ ਤਾਂ ਦੱਸਣਾ।’’ ਇਹ ਉਸ ਦੇ ਸਿਦਕ ਦਾ ਸਿਖਰ ਸੀ। ਪਰ ਡਾਕਟਰਾਂ ਨੇ ਨਵਾਂ ਤਜ਼ਰਬਾ ਕਰਦਿਆਂ ਨਸ਼ਤਰ ਮਾਰ ਕੇ ਗੰਦੇ ਖ਼ੂਨ ਦਾ ਪਰਨਾਲਾ ਚਲਾ ਦਿੱਤਾ ਜੋ ਸਫ਼ਲ ਹੋ ਨਬਿੜਿਆ ਤੇ ਬਾਂਹ ਹੌਲੀ ਹੌਲੀ ਠੀਕ ਹੋ ਗਈ।
ਕੁਝ ਦੇਰ ਬਾਅਦ ਉਸ ਨੂੰ ਇੱਥੋਂ ਤ੍ਰਿਚੀ (ਤ੍ਰਿਚਨਾਪਲੀ) ਜੇਲ੍ਹ ਮਦਰਾਸ ਵਿਖੇ ਭੇਜਿਆ ਗਿਆ। ਇੱਥੇ ਇੱਕ ਸਾਲ ਦੌਰਾਨ ਵੀ ਉਸ ਨੇ ਗੁਰਬਾਣੀ ਦੇ ਪਾਠ ਅਤੇ ਜੇਲ੍ਹ ਅੰਦਰਲੇ ਹਾਲਾਤ ਨੂੰ ਬਦਲਣ ਲਈ ਭੁੱਖ ਹੜਤਾਲੀ ਘੋਲ ਜਾਰੀ ਰੱਖੇ। ਇਸ ਪਿੱਛੋਂ ਸੱਜਣ ਸਿੰਘ ਦੀ ਬਦਲੀ ਅਕੋਲਾ (ਮੱਧ ਪ੍ਰਦੇਸ਼) ਜੇਲ੍ਹ ’ਚ ਕੀਤੀ ਗਈ। ਜਦੋਂ ਰੇਲਗੱਡੀ ਮਨਮਾੜ ਤੋਂ ਚਾਲੀਸ ਗਾਉਂ ਹੁੰਦੀ ਅਕੋਲਾ ਜਾ ਰਹੀ ਸੀ ਤਾਂ ਨਾਲ ਦੇ ਸਾਥੀ ਭਾਈ ਗੁਰਮੁਖ ਸਿੰਘ ਲਲਤੋਂ ਨੇ ਚਲਦੀ ਗੱਡੀ ’ਚੋਂ ਛਾਲ ਮਾਰ ਦਿੱਤੀ। ਭਾਈ ਸੱਜਣ ਸਿੰਘ ਅਕੋਲਾ ਪੁੱਜ ਗਿਆ ਜਿੱਥੇ ਥੋੜ੍ਹੀ ਦੇਰ ਪਿੱਛੋਂ ਪਾਲਾ ਸਿੰਘ ਢੁੱਡੀਕੇ ਆਣ ਪਹੁੰਚਿਆ। ਜੂਨ 1923 ’ਚ ਰਿਹਾਈ ਉਪਰੰਤ ਸੱਜਣ ਸਿੰਘ ਨਾਰੰਗਵਾਲ ਚਲਾ ਗਿਆ। ਮਾਤਾ ਪਿਤਾ ਪਿੱਛੋਂ ਸਦੀਵੀ ਵਿਛੋੜਾ ਦੇ ਚੁੱਕੇ ਸਨ। ਵਰਣਨਯੋਗ ਹੈ ਕਿ ਗੋਰੀ ਹਕੂਮਤ ਨੇ ਗ਼ਦਰ ਮੌਕੇ ਵੱਡੀ ਗ਼ਦਾਰੀ ਕਰਨ ਵਾਲੇ ਮੁਖ਼ਬਰ ਕਿਰਪਾਲ ਨੂੰ ਪੁਲੀਸ ਇੰਸਪੈਕਟਰ ਬਣਾ ਕੇ ਮੁਰੱਬਾ ਅਲਾਟ ਕਰ ਦਿੱਤਾ ਸੀ। ਦੂਜੇ ਪਾਸੇ ਸੱਜਣ ਸਿੰਘ ਦੀ ਰਿਹਾਈ ਉਪਰੰਤ ਇੱਕ ਦਿਨ ਗ਼ਦਰ ਪਾਰਟੀ ਦੇ ਸੂਰਮਿਆਂ ਨੇ ਗ਼ਦਾਰ ਕਿਰਪਾਲੇ ਨੂੰ ਸਦਾ ਲਈ ਗੱਡੀ ਚਾੜ੍ਹ ਕੇ ਸਾਬਤ ਕਰ ਦਿੱਤਾ ਕਿ ਇਨਕਲਾਬੀ ਲੋਕ ਲਹਿਰਾਂ ਦੇ ਹੱਥ ਬੇਅੰਤ ਲੰਮੇ ਹੁੰਦੇ ਹਨ ਤੇ ਦੇਸ਼ ਦੇ ਗ਼ਦਾਰਾਂ ਨੂੰ ਕੀਤੀ ਦਾ ਫ਼ਲ ਲਾਜ਼ਮੀ ਭੁਗਤਣਾ ਪੈਂਦਾ ਹੈ। ਭਾਈ ਸੱਜਣ ਸਿੰਘ ਨੂੰ ਜਨਵਰੀ 1929 ਤੱਕ ਅੰਗਰੇਜ ਹਕੂਮਤ ਨੇ ਪਿੰਡ ’ਚ ਨਜ਼ਰਬੰਦ ਰੱਖਿਆ। 1934 ਦੀ ਆਈ.ਬੀ. ਦੀ ਰਿਪੋਰਟ ’ਚ ਦਰਜ ਸੀ ਕਿ ਉਹ ਖ਼ਤਰਨਾਕ ਵਿਅਕਤੀਆਂ ਨਾਲ ਸਬੰਧਤ ਹੈ। ਸਿੱਟੇ ਵਜੋਂ ਬਰਤਾਨਵੀ ਹਕੂਮਤ ਉਸ ’ਤੇ ਗੁਪਤ ਨਜ਼ਰਸਾਨੀ ਰੱਖਦੀ ਰਹੀ। 1942 ਤੱਕ ਉਸ ਨੇ ਮੈਟ੍ਰਿਕ, ਗਿਆਨੀ ਤੇ ਟੀਚਰ ਟਰੇਨਿੰਗ ਦੀ ਪੜ੍ਹਾਈ ਪੂਰੀ ਕੀਤੀ।
ਮਹਾਨ ਗ਼ਦਰੀ ਯੋਧਾ ਬਾਬਾ ਸੱਜਣ ਸਿੰਘ ਧਾਰਮਿਕ ਲੀਹ ਵਾਲਾ, ਚੜ੍ਹਦੀ ਕਲਾ ਵਾਲਾ ਲੋਕ ਪੱਖੀ ਤੇ ਦੇਸ਼ਭਗਤ ਜੀਵਨ ਜਿਉਂਦਿਆਂ 16 ਨਵੰਬਰ 1981 ਨੂੰ ਸਦੀਵੀ ਵਿਛੋੜਾ ਦੇ ਗਿਆ। ਉਸ ਵੱਲੋਂ ਦੇਸ਼ ਲਈ ਕੀਤੇ ਭਾਰੀ ਤਿਆਗ ਅਤੇ ਲਾਮਿਸਾਲ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੇ ਉਤਸ਼ਾਹ, ਜੋਸ਼, ਪ੍ਰੇਰਨਾ ਤੇ ਸਿੱਖਿਆ ਦਾ ਸਰੋਤ ਬਣੀਆਂ ਰਹਿਣਗੀਆਂ।
ਸੰਪਰਕ: 96464-02470