ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਵਿੱਚ ਕੋਰਸਾਂ ਲਈ ਦਾਖਲਿਆਂ ਦਾ ਦੂਜਾ ਦੌਰ ਸ਼ੁਰੂ
ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਵਿੱਚ ਅਕਤੂਬਰ 2024-25 ਸੈਸ਼ਨ ਲਈ 15 ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਕੋਰਸਾਂ ਲਈ ਦਾਖਲਿਆਂ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਸਤਿਆਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਐੱਮ.ਏ. (ਪੰਜਾਬੀ, ਹਿੰਦੀ, ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਧਰਮ ਅਧਿਐਨ, ਸਿੱਖ ਅਧਿਐਨ, ਸਮਾਜ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ), ਐੱਮ.ਕਾਮ., ਐੱਮ.ਐੱਸ.ਸੀ. (ਆਈ.ਟੀ.), ਬੀ.ਐੱਡ., ਬੀ.ਸੀ.ਏ., ਬੀਬੀਏ ਅਤੇ ਬੀਏ (ਅਰਥ ਸ਼ਾਸਤਰ, ਗਣਿਤ, ਕੰਪਿਊਟਰ ਐਪਲੀਕੇਸ਼ਨਾਂ ਸਮੇਤ ਹੋਰ ਵਿਸ਼ਿਆਂ) ਸ਼ਾਮਲ ਹਨ। ਇਸ ਸਬੰਧੀ ਯੂਜੀਸੀ- ਡੀਈਬੀ ਤੋਂ ਲੋੜੀਂਦੀ ਪ੍ਰਵਾਨਗੀ ਮਿਲ ਗਈ ਹੈ। ਜਿਹੜੇ ਵਿਦਿਆਰਥੀ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ਰਾਹੀਂ ਇਨ੍ਹਾਂ ਕੋਰਸਾਂ ਵਿੱਚ ਲੈਣਾ ਚਾਹੁੰਦੇ ਹਨ, ਉਹ ਕੇਂਦਰ ਦੀ ਵੈੱਬਸਾਈਟ ਉੱਤੇ ਇਸ ਸੰਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ। ਡਾ. ਸਤਿਆਬੀਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਕੋਰਸਾਂ ਵਿੱਚ ਦਾਖ਼ਲੇ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਸਾਰੇ ਕੋਰਸਾਂ ਦੀ ਬਹੁਤ ਮੰਗ ਹੈ ਅਤੇ ਪੂਰੇ ਖੇਤਰ ਦੇ ਵਿਦਿਆਰਥੀ ਹੁਣ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ਰਾਹੀਂ ਇਹ ਕੋਰਸ ਕਰ ਸਕਣ ਦੇ ਯੋਗ ਹੋਣਗੇ।