Cricket ਮਹਿਲਾ ਇਕ ਰੋਜ਼ਾ ਕ੍ਰਿਕਟ: ਜੇਮੀਮਾ ਨੇ ਪਲੇਠਾ ਸੈਂਕੜਾ ਜੜਿਆ; ਭਾਰਤ ਵੱਲੋਂ ਆਇਰਲੈਂਡ ਨੂੰ 371 ਦੌੜਾਂ ਦਾ ਟੀਚਾ
ਰਾਜਕੋਟ, 12 ਜਨਵਰੀ
ਜੇਮੀਮਾ ਰੌਡਰਿਗਜ਼ ਦੇ ਪਲੇਠੇ ਸੈਂਕੜੇ ਅਤੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੀਆਂ ਜ਼ਬਰਦਸਤ ਪਾਰੀਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ ਮਹਿਲਾ ਇਕ ਰੋਜ਼ਾ ਮੈਚ ਵਿੱਚ ਆਇਰਲੈਂਡ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 370 ਦੌੜਾਂ ਦਾ ਸਕੋਰ ਬਣਾਇਆ ਹੈ। ਕਪਤਾਨ ਸਮ੍ਰਿਤੀ ਮੰਧਾਨਾ ਨੇ 54 ਗੇਂਦਾਂ ’ਤੇ 73 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਤੋਂ ਇਲਾਵਾ ਪ੍ਰਤੀਕਾ ਰਾਵਲ (60 ਗੇਂਦਾਂ ’ਤੇ 67) ਨਾਲ ਪਹਿਲੇ ਵਿਕਟ ਲਈ 156 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ। ਜੇਮੀਮਾ ਨੇ 91 ਗੇਂਦਾਂ ਵਿੱਚ 102 ਦੌੜਾਂ ਦੀ ਆਪਣੀ ਪਾਰੀ ਵਿੱਚ 12 ਚੌਕੇ ਲਗਾਏ। ਉਸ ਨੇ ਹਰਲੀਨ ਦਿਓਲ (84 ਗੇਂਦਾਂ ’ਤੇ 89 ਦੌੜਾਂ) ਨਾਲ ਤੀਜੀ ਵਿਕਟ ਲਈ 168 ਗੇਂਦਾਂ ’ਤੇ 183 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨਾਲ ਟੀਮ ਲਈ ਵੱਡਾ ਸਕੋਰ ਯਕੀਨੀ ਬਣਿਆ। ਭਾਰਤੀ ਬੱਲੇਬਾਜ਼ਾਂ ਨੇ ਆਇਰਲੈਂਡ ਦੀ ਕਮਜ਼ੋਰ ਗੇਂਦਬਾਜ਼ੀ ਦਾ ਫਾਇਦਾ ਉਠਾਇਆ ਅਤੇ 50 ਓਵਰਾਂ ਵਿੱਚ 44 ਚੌਕੇ ਅਤੇ ਤਿੰਨ ਛੱਕੇ ਮਾਰੇ। ਜੇਮਿਮਾ ਨੂੰ ਇਕ ਰੋਜ਼ਾ ਕ੍ਰਿਕਟ ਵਿੱਚ ਆਪਣਾ ਸੈਂਕੜਾ ਬਣਾਉਣ ਲਈ 41 ਮੈਚਾਂ ਦੀ ਉਡੀਕ ਕਰਨੀ ਪਈ। ਇਸ ਤੋਂ ਪਹਿਲਾਂ ਉਸ ਦੇ ਨਾਮ ਛੇ ਨੀਮ ਸੈਂਕੜੇ ਹਨ। ਆਇਰਲੈਂਡ ਲਈ ਕੈਲੀ ਅਤੇ ਓਰਲਾ ਪ੍ਰੇਂਡਰਗਾਸਟ ਨੇ ਦੋ-ਦੋ ਵਿਕਟਾਂ ਲਈਆਂ ਜਦੋਂ ਕਿ ਜਾਰਜੀਨਾ ਡੈਂਪਸੀ ਨੂੰ ਇੱਕ ਸਫਲਤਾ ਮਿਲੀ। -ਪੀਟੀਆਈ