ਦੂਜੇ ਟੈਸਟ ਦਾ ਦੂਜਾ ਦਿਨ: ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਇੰਗਲੈਂਡ 253 ’ਤੇ ਆਊਟ, ਭਾਰਤ ਨੂੰ 143 ਦੌੜਾਂ ਦੀ ਲੀਡ
ਵਿਸ਼ਾਖਾਪਟਨਮ, 3 ਫਰਵਰੀ
ਇਥੇ ਜਸਪ੍ਰੀਤ ਬੁਮਰਾਹ ਨੇ ਸਪਿੰਨਰਾਂ ਦੀ ਮਦਦਗਾਰ ਪਿੱਚ 'ਤੇ ਤੇਜ਼ ਗੇਂਦਬਾਜ਼ੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਅਤੇ ਛੇ ਵਿਕਟਾਂ ਲਈਆਂ, ਜਿਸ ਨਾਲ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀਆਂ 396 ਦੌੜਾਂ ਦੇ ਜਵਾਬ 'ਚ ਇੰਗਲੈਂਡ ਪਹਿਲੀ ਪਾਰੀ ’ਚ 55.5 ਓਵਰਾਂ 'ਚ 253 ਦੌੜਾਂ 'ਤੇ ਆਊਟ ਹੋ ਗਿਆ। ਭਾਰਤ ਦੇ ਕੋਲ ਪਹਿਲੀ ਪਾਰੀ ਦੇ ਅਧਾਰ ’ਤੇ 143 ਦੌੜਾਂ ਦੀ ਲੀਡ ਹੈ। ਬੁਮਰਾਹ ਨੂੰ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਦਾ ਚੰਗਾ ਸਾਥ ਮਿਲਿਆ, ਜਿਸ ਨੇ ਟੈਸਟ ਕ੍ਰਿਕਟ 'ਚ ਵਾਪਸੀ 'ਤੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਅੱਜ ਭਾਰਤ ਪਹਿਲੀ ਪਾਰੀ ’ਚ 112 ਓਵਰਾਂ 'ਚ 396 ਦੌੜਾਂ 'ਤੇ ਆਊਟ ਹੋ ਗਿਆ। ਭਾਰਤ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਟੈਸਟ ਕ੍ਰਿਕਟ ਵਿੱਚ ਆਪਣੇ ਪਹਿਲੇ ਦੋਹਰੇ ਸੈਂਕੜੇ ਦੌਰਾਨ 290 ਗੇਂਦਾਂ ਦੀ ਪਾਰੀ ਵਿੱਚ 19 ਚੌਕੇ ਅਤੇ ਸੱਤ ਛੱਕੇ ਮਾਰੇ ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ 'ਤੇ 336 ਦੌੜਾਂ ਤੋਂ ਅੱਗੇ ਕੀਤੀ। ਟੀਮ ਨੇ 60 ਦੌੜਾਂ ਜੋੜਨ ਤੋਂ ਬਾਅਦ ਬਾਕੀ ਚਾਰ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 25 ਓਵਰਾਂ ਵਿੱਚ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ੋਏਬ ਬਸ਼ੀਰ ਅਤੇ ਰਿਹਾਨ ਅਹਿਮਦ ਨੂੰ ਵੀ ਤਿੰਨ-ਤਿੰਨ ਸਫਲਤਾਵਾਂ ਮਿਲੀਆਂ।