ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਲਈ ਦੂਜੀ ਕਾਊਂਸਲਿੰਗ ਅੱਜ ਤੋਂ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ 28 ਜੁਲਾਈ ਤੋਂ ਦੂਜੀ ਕਾਊਂਸਲਿੰਗ ਸ਼ੁਰੂ ਹੋਵੇਗੀ, ਜਿਸ ਲਈ 4 ਅਗਸਤ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਸਕੂਲ ਤੇ ਸਟਰੀਮ ਅਲਾਟ ਕਰਨ ਦੇ ਵੇਰਵੇ 10 ਅਗਸਤ ਨੂੰ ਨਸ਼ਰ ਕੀਤੇ ਜਾਣਗੇ। ਇਸ ਵੇਲੇ ਸਰਕਾਰੀ ਸਕੂਲਾਂ ਵਿੱਚ 1711 ਸੀਟਾਂ ਖਾਲੀ ਹਨ ਜਦਕਿ 5253 ਵਿਦਿਆਰਥੀਆਂ ਨੂੰ ਹਾਲੇ ਤੱਕ ਦਾਖਲਾ ਨਹੀਂ ਮਿਲਿਆ ਹੈ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਸਕੂਲਾਂ ਵਿੱਚ ਦਾਖਲੇ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਦਾਖਲਾ ਨਹੀਂ ਮਿਲਿਆ ਉਹ ਦੂਜੀ ਕਾਊਂਸਲਿੰਗ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਤੇ ਸਟਰੀਮ ਬਦਲਣ ਲਈ 150 ਰੁਪਏ ਦੀ ਫੀਸ ਨਾਲ ਅਪਲਾਈ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਦੀ ਵੈੱਬਸਾਈਟ www.chdeducation.gov.in ’ਤੇ ਖਾਲੀ ਸੀਟਾਂ ਦੇ ਵੇਰਵੇ ਨਸ਼ਰ ਕਰ ਦਿੱਤੇ ਗਏ ਹਨ। ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ), ਕਾਮਰਸ, ਹਿਊਮੈਨਿਟੀਜ਼ ਅਤੇ ਸਕਿੱਲ ਕੋਰਸਾਂ ਦੀਆਂ ਕੁੱਲ 13875 ਸੀਟਾਂ ਹਨ, ਜਿਨ੍ਹਾਂ ਵਿੱਚੋਂ 1711 ਸੀਟਾਂ ਖਾਲੀ ਹਨ। ਮੈਡੀਕਲ ਵਿੱਚ 125, ਨਾਨ-ਮੈਡੀਕਲ ਵਿੱਚ 357, ਕਾਮਰਸ ਵਿੱਚ 304, ਆਰਟਸ ਵਿੱਚ 378 ਅਤੇ ਵੋਕੇਸ਼ਨਲ ਵਿੱਚ 547 ਸੀਟਾਂ ਖਾਲੀ ਹਨ ਜਦਕਿ ਇਨ੍ਹਾਂ ਸੀਟਾਂ ਲਈ ਕੁੱਲ 5253 ਵਿਦਿਆਰਥੀ ਦਾਖਲੇ ਲਈ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚੋਂ 1102 ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਜਦਕਿ 4151 ਹੋਰ ਸਕੂਲਾਂ ਦੇ ਵਿਦਿਆਰਥੀ ਹਨ। ਕੰਪਾਰਟਮੈਂਟ ਵਾਲੇ 2897 ਵਿਦਿਆਰਥੀ ਹਨ ਜਿਨ੍ਹਾਂ ਵਿੱਚੋਂ 1750 ਨੂੰ ਆਰਜ਼ੀ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਜਦਕਿ 1147 ਉਡੀਕ ਸੂਚੀ ਵਿੱਚ ਹਨ। ਇਸ ਸਾਲ ਤੋਂ ਸਿੱਖਿਆ ਵਿਭਾਗ ਨੇ ਸਿਰਫ ਸਰਕਾਰੀ ਸਕੂਲਾਂ ਤੋਂ ਦਸਵੀਂ ਪਾਸ ਕਰਨ ਲਈ 85 ਫੀਸਦੀ ਕੋਟਾ ਰੱਖਿਆ ਹੈ ਤੇ ਬਾਕੀ 15 ਫੀਸਦੀ ਸੀਟਾਂ ’ਤੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਸੂਬਿਆਂ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਦਾਖਲਾ ਦਿੱਤਾ ਗਿਆ ਹੈ ਜਿਸ ਦਾ ਵੱਡੀ ਪੱਧਰ ’ਤੇ ਵਿਰੋਧ ਹੋਇਆ ਹੈ।
ਦੂਜੀ ਕਾਊਂਸਲਿੰਗ ਵਿੱਚ ਇਨ੍ਹਾਂ ਨੂੰ ਮਿਲੇਗਾ ਦਾਖਲਾ
ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਕਾਊਂਸਲਿੰਗ ਵਿੱਚ ਦਾਖਲਾ ਲਿਆ ਹੈ, ਉਹ ਸਕੂਲ/ਸਟਰੀਮ ਬਦਲਣ ਲਈ ਅਪਲਾਈ ਕਰ ਸਕਦੇ ਹਨ। ਇਸ ਲਈ 150 ਰੁਪਏ ਫੀਸ ਲਈ ਜਾਵੇਗੀ। ਜੇਕਰ ਸੀਟ ਉਸ ਸਕੂਲ ਵਿੱਚ ਅਲਾਟ ਕੀਤੀ ਜਾਂਦੀ ਹੈ ਜਿੱਥੇ ਵਿਦਿਆਰਥੀ ਜਾਣਾ ਚਾਹੁੰਦਾ ਹੈ ਤਾਂ ਮੌਜੂਦਾ ਅਲਾਟ ਕੀਤੀ ਗਈ ਸੀਟ ਨੂੰ ਖਾਲੀ ਮੰਨਿਆ ਜਾਵੇਗਾ ਅਤੇ ਮੈਰਿਟ ਦੇ ਆਧਾਰ ’ਤੇ ਦੂਜੇ ਉਮੀਦਵਾਰਾਂ ਨੂੰ ਸੀਟ ਅਲਾਟ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਜਿਨ੍ਹਾਂ ਵਿਦਿਆਰਥੀਆਂ ਨੂੰ ਕਾਊਂਸਲਿੰਗ ਦੇ ਪਹਿਲੇ ਗੇੜ ਵਿੱਚ ਸਕੂਲ ਜਾਂ ਸੀਟ ਅਲਾਟ ਨਹੀਂ ਕੀਤੀ ਗਈ ਸੀ, ਉਹ ਵੀ ਨਵੇਂ ਸਿਰੇ ਤੋਂ ਅਪਲਾਈ ਕਰ ਸਕਣਗੇ ਬਸ਼ਰਤੇ ਕਿ ਉਨ੍ਹਾਂ ਨੇ ਪਹਿਲੇ ਗੇੜ ਵਿੱਚ ਫੀਸ ਦਾ ਭੁਗਤਾਨ ਕਰ ਦਿੱਤਾ ਹੋਵੇ। ਐੱਨਆਈਓਐੱਸ ਤੋਂ 10ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ ਵੀ ਨਵੇਂ ਉਮੀਦਵਾਰਾਂ ਵਜੋਂ ਅਪਲਾਈ ਕਰ ਸਕਣਗੇ। ਇਸ ਲਈ ਰਜਿਸਟਰੇਸ਼ਨ ਫੀਸ ਅਤੇ ਦਾਖਲਾ ਫੀਸ ਕਾਊਂਸਲਿੰਗ ਦੇ ਪਹਿਲੇ ਗੇੜ ਅਨੁਸਾਰ ਵਸੂਲੀ ਜਾਵੇਗੀ।