ਸ਼ੇਖ ਹਸੀਨਾ ਖ਼ਿਲਾਫ਼ ਦੂਜਾ ਗ੍ਰਿਫ਼ਤਾਰੀ ਵਾਰੰਟ ਜਾਰੀ
ਢਾਕਾ, 6 ਜਨਵਰੀ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਲੋਕਾਂ ਨੂੰ ਜਬਰੀ ਗਾਇਬ ਕਰਨ ਸਬੰਧੀ ਘਟਨਾਵਾਂ ਵਿੱਚ ਕਥਿਤ ਸ਼ਮੂਲੀਅਤ ਲਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 11 ਹੋਰ ਜਣਿਆਂ ਖ਼ਿਲਾਫ਼ ਦੂਜਾ ਗ੍ਰਿਫ਼ਤਾਰੀ ਵਾਰੰਟ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿੱਚ ਸਾਬਕਾ ਫ਼ੌਜੀ ਜਨਰਲਾਂ ਤੇ ਇੱਕ ਸਾਬਕਾ ਪੁਲੀਸ ਮੁਖੀ ਸ਼ਾਮਲ ਹਨ। ਇਹ ਸ਼ੇਖ ਹਸੀਨਾ ਖ਼ਿਲਾਫ਼ ਆਈਸੀਟੀ ਵੱਲੋਂ ਜਾਰੀ ਕੀਤਾ ਗਿਆ ਦੂਜਾ ਗ੍ਰਿਫ਼ਤਾਰੀ ਵਾਰੰਟ ਹੈ ਜਿਸਨੇ ਪਿਛਲੇ ਵਰ੍ਹੇ ਅਗਸਤ ਵਿੱਚ ਸਰਕਾਰ ਵਿਰੋਧੀ ਧਰਨਿਆਂ ਤੇ ਆਵਾਮੀ ਲੀਗ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਰਤ ਵਿੱਚ ਸ਼ਰਨ ਲੈ ਲਈ ਸੀ। ਹੁਣ ਤੱਕ ਟ੍ਰਿਬਿਊਨਲ ਨੇ ਉਸ ਖ਼ਿਲਾਫ਼ ਤਿੰਨ ਮਾਮਲੇ ਦਰਜ ਕੀਤੇ ਹਨ। ਆਈਸੀਟੀ ਦੇ ਅਧਿਕਾਰੀ ਨੇ ਦੱਸਿਆ ਕਿ ਜਸਟਿਸ ਮੁਹੰਮਦ ਗੁਲਾਮ ਮੁਰਤਜਾ ਮਜੂਮਦਾਰ ਨੇ ਦੂਜੇ ਧਿਰ ਦੀ ਅਪੀਲ ਸੁਣਨ ਤੋਂ ਬਾਅਦ ਇਹ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਸੈਂਕੜੇ ਹੀ ਲੋਕਾਂ ਦੇ ਜਬਰੀ ਗਾਇਬ ਹੋਣ ਦੇ ਮਾਮਲੇ ਵਿੱਚ ਆਈਜੀ (ਪੁਲੀਸ) ਨੂੰ ਹਸੀਨਾ ਸਮੇਤ 12 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 12 ਫਰਵਰੀ ਨੂੰ ਟ੍ਰਿਬਿਊਨਲ ਅੱਗੇ ਪੇਸ਼ ਕਰਨ ਲਈ ਕਿਹਾ ਗਿਆ ਸੀ।
ਗੱਦੀਓਂ ਲਾਹੀ ਸਾਬਕਾ ਪ੍ਰਧਾਨ ਮੰਤਰੀ ਦੇ ਤਤਕਾਲੀ ਰੱਖਿਆ ਸਲਾਹਕਾਰ ਮੇਜਰ ਜਨਰਲ (ਸੇਵਾਮੁਕ) ਤਾਰੀਕ ਅਹਿਮਦ ਸਿੱਦੀਕੀ ਤੇ ਸਾਬਕਾ ਆਈਜੀਪੀ ਬੇਨਜ਼ੀਰ ਅਹਿਮਦ ਦੇ ਨਾਂ ਇਸ ਕੇਸ ਵਿੱਚ ਸ਼ਾਮਲ ਹਨ। ਜਿੱਥੇ ਸਿੱਦੀਕੀ ਇਸ ਸਮੇਂ ਹਿਰਾਸਤ ’ਚ ਹੈ, ਉੱਥੇ ਅਹਿਮਦ ਨੂੰ ਫ਼ਰਾਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਟ੍ਰਿਬਿਊਨਲ ਵੱਲੋਂ ਕੇਸ ਦੀ ਅਗਲੀ ਸੁਣਵਾਈ 12 ਫਰਵਰੀ ਤੈਅ ਕੀਤੀ ਗਈ ਹੈ। ਆਈਸੀਟੀ ਦੇ ਮੁਖੀ ਮੁਹੰਮਦ ਤਾਜੁਲ ਇਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟ੍ਰਿਬਿਊਨਲ ਨੇ ਉਸ ਦਿਨ ਤੱਕ ਰਿਪੋਰਟ (ਜੇਕਰ ਮੁਕੰਮਲ ਹੋ ਗਈ ਹੋਵੇ) ਜਮ੍ਹਾਂ ਕਰਵਾਉਣ ਲਈ ਕਿਹਾ ਹੈ। -ਪੀਟੀਆਈ