ਨਸ਼ਾ ਤਸਕਰੀ ਮਾਮਲੇ ਵਿੱਚ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 3 ਜਨਵਰੀ
ਇਥੇ ਥਾਣਾ ਸਦਰ ਰਤੀਆ ਪੁਲੀਸ ਨੇ ਪਿੰਡ ਪਿਲਛੀਆਂ ਵਿੱਚ ਖੇਤ ਵਿੱਚ ਬਣੇ ਕਮਰੇ ਵਿੱਚੋਂ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਹੋਣ ਦੇ ਮਾਮਲੇ ਵਿੱਚ ਦੂਸਰੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਪੱਪਾ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿਲਛੀਆਂ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ। ਸਦਰ ਥਾਣਾ ਇੰਚਾਰਜ ਰਾਜਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ 19 ਅਕਤੂਬਰ ਨੂੰ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਰਤੀਆ ਪੁਲੀਸ ਦੀ ਟੀਮ ਨੇ ਏਐੱਸਆਈ ਨਿਰਮਲ ਸਿੰਘ ਦੀ ਅਗਵਾਈ ਵਿੱਚ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿਲਛੀਆਂ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਖੇਤ ਵਿੱਚ ਬਣੇ ਟਿਊਬਵੈੱਲ ਦੇ ਕਮਰੇ ਵਿੱਚ ਚੂਰਾਪੋਸਤ ਰੱਖਿਆ ਹੈ। ਇਸ ਸੂਚਨਾ ’ਤੇ ਪੁਲੀਸ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਸਤਨਾਮ ਸਿੰਘ ਨੂੰ ਕਾਬੂ ਕੀਤਾ ਅਤੇ 6 ਪਲਾਸਟਿਕ ਗੱਟਿਆਂ ਵਿੱਚੋਂ 121 ਕਿੱਲੋ 310 ਗ੍ਰਾਮ ਕਚਰਾ ਚੂਰਾ ਪੋਸਤ ਬਰਾਮਦ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਸੀ ਕਿ ਉਹ ਗੁਰਵਿੰਦਰ ਸਿੰਘ ਉਰਫ ਪੱਪਾ ਨਿਵਾਸੀ ਪਿਲਛੀਆਂ ਅਤੇ ਸੁੱਖੀ ਨਿਵਾਸੀ ਢਾਣੀ ਕਲੋਠਾ ਨਾਲ ਮਿਲ ਕੇ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਅਤੇ ਜਾਂਚ ਅਧਿਕਾਰੀ ਐੱਸਆਈ ਸੁਮਿਤ ਨੇ ਦੋਸ਼ੀਆਂ ਬਾਰੇ ਅਹਿਮ ਸੁਰਾਗ ਲਗਾਉਂਦੇ ਹੋਏ ਇਕ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਕਾਬੂ ਕਰਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।