ਆਰਟੀਆਈ ਤਹਿਤ ਜਾਣਕਾਰੀ ਦੇਣ ਤੋਂ ਸੇਬੀ ਦਾ ਇਨਕਾਰ ਜਨਤਕ ਜਵਾਬਦੇਹੀ ਦਾ ਮਜ਼ਾਕ: ਕਾਂਗਰਸ
07:17 AM Sep 22, 2024 IST
ਨਵੀਂ ਦਿੱਲੀ: ਕਾਂਗਰਸ ਨੇ ਉਨ੍ਹਾਂ ਮਾਮਲਿਆਂ ਦਾ ਖੁਲਾਸਾ ਕਰਨ ਤੋਂ ਸੇਬੀ ਵੱਲੋਂ ਇਨਕਾਰ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ, ਜਿਨ੍ਹਾਂ ’ਚ ਇਸ ਦੀ ਚੇਅਰਪਰਸਨ ਮਾਧਵੀ ਬੁਚ ਪੁਰੀ ਨੇ ਹਿੱਤਾਂ ਦੇ ਟਕਰਾਅ ਕਾਰਨ ਖੁਦ ਨੂੰ ਜਾਂਚ ਤੋਂ ਵੱਖ ਕਰ ਲਿਆ। ਕਾਂਗਰਸ ਨੇ ਕਿਹਾ ਕਿ ਮਾਮਲਿਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਨਾ ਜਨਤਕ ਜਵਾਬਦੇਹੀ ਤੇ ਪਾਰਦਰਸ਼ਤਾ ਦਾ ਮਜ਼ਾਕ ਹੈ। ਪਾਰਦਰਸ਼ਤਾ ਲਈ ਕੰਮ ਕਰ ਰਹੇ ਕੋਮੋਡੋਰ ਲੋਕੇਸ਼ ਬੱਤਰਾ (ਸੇਵਾਮੁਕਤ) ਵੱਲੋਂ ਦਾਖਲ ਆਰਟੀਆਈ ਅਰਜ਼ੀ ਦੇ ਜਵਾਬ ’ਚ ਸੇਬੀ ਨੇ ਕਿਹਾ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਕੋਲ ਮੌਜੂਦ ਵਿੱਤੀ ਜਾਇਦਾਦਾਂ ਤੇ ਸ਼ੇਅਰਾਂ ਬਾਰੇ ਬੁਚ ਵੱਲੋਂ ਸਰਕਾਰ ਤੇ ਸੇਬੀ ਬੋਰਡ ਨੂੰ ਦਿੱਤੀ ਗਈ ਜਾਣਕਾਰੀ ਦੀਆਂ ਕਾਪੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਲਿਖਿਆ, ‘ਹੁਣ ਇਸ ਤਾਜ਼ਾ ਮਾਮਲੇ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।’ ਉਨ੍ਹਾਂ ਕਿਹਾ ਕਿ ਸੇਬੀ ਦਾ ਇਹ ਕਦਮ ਜਨਤਕ ਜਵਾਬਦੇਹੀ ਤੇ ਪਾਰਦਰਸ਼ਤਾ ਦਾ ਮਜ਼ਾਕ ਹੈ। -ਪੀਟੀਆਈ
Advertisement
Advertisement