For the best experience, open
https://m.punjabitribuneonline.com
on your mobile browser.
Advertisement

ਸੇਬੀ ਮੁਖੀ ਦੀ ਅਡਾਨੀ ਗਰੁੱਪ ਨਾਲ ਮਿਲੀਭੁਗਤ: ਹਿੰਡਨਬਰਗ

07:48 AM Aug 11, 2024 IST
ਸੇਬੀ ਮੁਖੀ ਦੀ ਅਡਾਨੀ ਗਰੁੱਪ ਨਾਲ ਮਿਲੀਭੁਗਤ  ਹਿੰਡਨਬਰਗ
Advertisement

ਨਵੀਂ ਦਿੱਲੀ, 10 ਅਗਸਤ
ਅਮਰੀਕੀ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਨੇ ਮਾਰਕੀਟ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਵੀ ਬੁੱਚ ’ਤੇ ਦੋਸ਼ ਲਗਾਏ ਹਨ ਕਿ ਅਡਾਨੀ ਦੇ ਪੈਸਿਆਂ ਦੀ ਕਥਿਤ ਹੇਰਾਫੇਰੀ ਵਿੱਚ ਵਰਤੇ ਗਏ ਵਿਦੇਸ਼ੀ ਫੰਡਾਂ ਵਿੱਚ ਸੇਬੀ ਮੁਖੀ ਤੇ ਉਨ੍ਹਾਂ ਦੇ ਪਤੀ ਧਵਲ ਬੁੱਚ ਦੀ ਵੀ ਹਿੱਸੇਦਾਰੀ ਸੀ। ਇਸੇ ਕਾਰਨ ਸੇਬੀ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ 18 ਮਹੀਨਿਆਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਿੰਡਨਬਰਗ ਦੇ ਇਨ੍ਹਾਂ ਦੋਸ਼ਾਂ ਸਬੰਧੀ ਸੇਬੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਕ ਬਲੌਗ ਪੋਸਟ ਵਿੱਚ ਹਿੰਡਨਬਰਗ ਨੇ ਕਿਹਾ ਕਿ ਅਡਾਨੀ ਬਾਰੇ ਉਸ ਦੀ 18 ਮਹੀਨੇ ਪੁਰਾਣੀ ਰਿਪੋਰਟ ਮਗਰੋਂ ਵੀ ਸੇਬੀ ਨੇ ਗੌਤਮ ਅਡਾਨੀ ਦੀਆਂ ਮੌਰੀਸ਼ਸ ਅਤੇ ਵਿਦੇਸ਼ੀ ਫ਼ਰਜ਼ੀ ਕੰਪਨੀਆਂ ਬਾਰੇ ਜਾਂਚ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਵ੍ਹਿਸਲਬਲੋਅਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਹਿੰਡਨਬਰਗ ਨੇ ਕਿਹਾ, ‘‘ਅਡਾਨੀ ਘੁਟਾਲੇ ਵਿੱਚ ਵਰਤੇ ਗਏ ਵਿਦੇਸ਼ੀ ਫੰਡਾਂ ਵਿੱਚ ਸੇਬੀ ਦੀ ਮੌਜੂਦਾ ਚੇਅਰਪਰਸਨ ਮਾਧਵੀ ਬੁੱਚ ਅਤੇ ਉਨ੍ਹਾਂ ਦੇ ਪਤੀ ਧਵਲ ਬੁੱਚ ਦਾ ਵੀ ਹਿੱਸਾ ਸੀ।’’ ਬਰਮੂਡਾ ਅਤੇ ਮੌਰੀਸ਼ਸ ਵਿੱਚ ਫੰਡਾਂ ਦਾ ਕੰਮ ਕਥਿਤ ਤੌਰ ’ਤੇ ਗੌਤਮ ਅਡਾਨੀ ਦਾ ਵੱਡਾ ਭਰਾ ਵਿਨੋਦ ਅਡਾਨੀ ਦੇਖਦਾ ਹੈ ਅਤੇ ਇਹ ਫੰਡ ਸ਼ੇਅਰਾਂ ਦੀ ਕੀਮਤ ਵਿੱਚ ਉਤਾਰ-ਚੜ੍ਹਾਅ ਲਈ ਵਰਤੇ ਗਏ। ਹਿੰਡਨਬਰਗ ਨੇ ਕਿਹਾ, ‘‘ਆਈਆਈਐੱਫਐੱਲ ਵੱਲੋਂ ਐਲਾਨੇ ਗਏ ਫੰਡਾਂ ਮੁਤਾਬਕ ਉਕਤ ਜੋੜੇ ਦੇ ਨਿਵੇਸ਼ ਦਾ ਸਰੋਤ ਤਨਖ਼ਾਹ ਸੀ ਅਤੇ ਉਨ੍ਹਾਂ ਦੀ ਕੁੱਲ ਅਨੁਮਾਨਿਤ ਸੰਪਤੀ ਇਕ ਕਰੋੜ ਅਮਰੀਕੀ ਡਾਲਰ ਹੈ।’’ ਇਸ ਸਬੰਧੀ ਸੇਬੀ ਤੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਿਛਲੇ ਸਾਲ ਜਨਵਰੀ ਵਿਚ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ’ਤੇ ਆਪਣਾ ਮਾਲੀਆ ਵਧਾਉਣ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਕਰਨ ਲਈ ਵਿਦੇਸ਼ੀ ਕੰਪਨੀਆਂ ਦੀ ਵਰਤੋਂ ਕਰ ਕੇ ਕਾਰਪੋਰੇਟ ਇਤਿਹਾਸ ਵਿੱਚ ਸਭ ਤੋਂ ਵੱਡਾ ਘੁਟਾਲਾ ਕਰਨ ਦਾ ਦੋਸ਼ ਲਾਇਆ ਸੀ। ਸਮੂਹ ਨੇ ਸਾਰੇ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਰੱਦ ਕੀਤਾ ਸੀ ਪਰ ਰਿਪੋਰਟ ਕਾਰਨ ਉਸ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਹੋਈ ਸੀ। ਹਿੰਡਨਬਰਗ ਦੀ ਰਿਪੋਰਟ ਮਗਰੋਂ ਸੁਪਰੀਮ ਕੋਰਟ ਨੇ ਮਾਰਕੀਟ ਰੈਗੂਲੇਟਰ ਸੇਬੀ ਨੂੰ ਆਪਣੀ ਜਾਂਚ ਪੂਰੀ ਕਰਨ ਅਤੇ ਹੋਰ ਖਾਮੀਆਂ ਦੀ ਜਾਂਚ ਲਈ ਮਾਹਿਰਾਂ ਦੀ ਵੱਖਰੀ ਕਮੇਟੀ ਕਾਇਮ ਕਰਨ ਲਈ ਕਿਹਾ ਸੀ। ਕਮੇਟੀ ਨੇ ਅਡਾਨੀ ਬਾਰੇ ਕੋਈ ਨਾਂਹ ਪੱਖੀ ਰਿਪੋਰਟ ਨਹੀਂ ਦਿੱਤੀ ਸੀ ਅਤੇ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਸੇਬੀ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਇਲਾਵਾ ਕਿਸੇ ਹੋਰ ਜਾਂਚ ਦੀ ਲੋੜ ਨਹੀਂ ਹੈ। ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਹਿੰਡਨਬਰਗ ਰਿਪੋਰਟ ਦੇ ਸੰਦਰਭ ਵਿੱਚ ਆਖਿਆ ਕਿ ਉਨ੍ਹਾਂ ਨੂੰ ਹੁਣ ਸਮਝ ਲੱਗ ਗਈ ਹੈ ਕਿ ਸੰਸਦ ਦੇ ਦੋਵੇਂ ਸਦਨ ਸਮੇਂ ਤੋਂ ਪਹਿਲਾਂ ਕਿਉਂ ਉਠਾ ਦਿੱਤੇ ਗਏ। -ਪੀਟੀਆਈ

Advertisement
Advertisement
Author Image

Advertisement