For the best experience, open
https://m.punjabitribuneonline.com
on your mobile browser.
Advertisement

ਸੇਬੀ ਵੱਲੋਂ ਅਨਿਲ ਅੰਬਾਨੀ ਤੇ 24 ਹੋਰਨਾਂ ’ਤੇ ਪੰਜ ਸਾਲ ਦੀ ਪਾਬੰਦੀ

07:13 AM Aug 24, 2024 IST
ਸੇਬੀ ਵੱਲੋਂ ਅਨਿਲ ਅੰਬਾਨੀ ਤੇ 24 ਹੋਰਨਾਂ ’ਤੇ ਪੰਜ ਸਾਲ ਦੀ ਪਾਬੰਦੀ
Advertisement

ਨਵੀਂ ਦਿੱਲੀ, 23 ਅਗਸਤ
ਮਾਰਕੀਟ ਰੈਗੂਲੇਟਰ ਸੇਬੀ ਨੇ ਸਨਅਤਕਾਰ ਅਨਿਲ ਅੰਬਾਨੀ ਤੇ 24 ਹੋਰਨਾਂ ਨੂੰ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ ਦੇ ਫੰਡਾਂ ਦੀ ਹੇਰਾ-ਫੇਰੀ ਦੇ ਦੋਸ਼ ਵਿਚ ਸਕਿਉਰਿਟੀਜ਼ ਮਾਰਕੀਟ ਤੋਂ ਪੰਜ ਸਾਲਾਂ ਲਈ ਬਾਹਰ ਕਰ ਦਿੱਤਾ ਹੈ। ਸੇਬੀ ਨੇ ਅੰਬਾਨੀ ਨੂੰ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਤੇ ਕਿਸੇ ਵੀ ਸੂਚੀਬੱਧ ਕੰਪਨੀ ਜਾਂ ਸੇਬੀ ਕੋਲ ਰਜਿਸਟਰਡ ਐਂਟਿਟੀ ਵਿਚ ਪੰਜ ਸਾਲਾਂ ਲਈ ਡਾਇਰੈਕਟਰ ਜਾਂ ਅਹਿਮ ਪ੍ਰਬੰਧਕੀ ਅਮਲੇ (ਕੇਐੱਮਪੀ) ਵਜੋਂ ਕੰਮ ਕਰਨ ਤੋਂ ਵਰਜਿਆ ਹੈ। ਇਸ ਦੇ ਨਾਲ ਹੀ 24 ਐਂਟਿਟੀਜ਼ ਨੂੰ 21 ਕਰੋੜ ਤੋਂ 25 ਕਰੋੜ ਤੱਕ ਦਾ ਜੁਰਮਾਨਾ ਲਾਇਆ ਹੈ। ਮਾਰਕੀਟ ਰੈਗੂਲੇਟਰ ਨੇ ਰਿਲਾਇੰਸ ਹੋਮ ਫਾਇਨਾਂਸ ਨੂੰ ਸਕਿਉਰਿਟੀਜ਼ ਮਾਰਕੀਟ ਤੋਂ 6 ਮਹੀਨਿਆਂ ਲਈ ਬਾਹਰ ਕਰਦੇ ਹੋਏ 6 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਵੀ ਕਿਹਾ ਹੈ।
ਸੇਬੀ ਨੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ ਦੇ ਫੰਡਾਂ ਦੀ ਕਥਿਤ ਹੇਰਾਫੇਰੀ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਣ ਮਗਰੋਂ ਵਿੱਤੀ ਸਾਲ 2018-19 ਦੇ ਅਰਸੇ ਦੌਰਾਨ ਨੇਮਾਂ ਦੀ ਉਲੰਘਣਾ ਸਬੰਧੀ ਜਾਂਚ ਕੀਤੀ ਸੀ। ਜਾਂਚ ਦੌਰਾਨ ਸੇਬੀ ਨੂੰ ਪਤਾ ਲੱਗਾ ਕਿ ਅਨਿਲ ਅੰਬਾਨੀ ਨੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ ਦੇ ਕੇਐੱਮਪੀ’ਜ਼- ਅਮਿਤ ਬਾਪਨਾ, ਰਵਿੰਦਰ ਸੁਧਾਲਕਰ ਤੇ ਪਿੰਕੇਸ਼ ਆਰ ਸ਼ਾਹ ਦੀ ਮਦਦ ਨਾਲ ਕੰਪਨੀ ਦੇ ਫੰਡਾਂ ਨੂੰ ਇਧਰ-ਓਧਰ ਕਰਨ ਲਈ ਧੋਖਾਧੜੀ ਵਾਲੀ ਸਕੀਮ ਲਿਆਂਦੀ ਸੀ। ਸਕੀਮ ਤਹਿਤ ਇਨ੍ਹਾਂ ਫੰਡਾਂ ਨੂੰ ਅਨਿਲ ਅੰਬਾਨੀ ਨਾਲ ਸਬੰਧਤ ਐਂਟਿਟੀਜ਼ ਨੂੰ ਕਰਜ਼ੇ ਵਜੋਂ ਦਿਖਾਇਆ ਗਿਆ ਸੀ। ਆਰਐੱਚਐੱਫਐੱਲ ਦੇ ਬੋਰਡ ਡਾਇਰੈਕਟਰਾਂ ਨੇ ਅਜਿਹੇ ਕਰਜ਼ੇ ਦੇਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਾਰਪੋਰੇਟ ਕਰਜ਼ਿਆਂ ’ਤੇ ਨਿਯਮਤ ਨਜ਼ਰਸਾਨੀ ਲਈ ਕਿਹਾ ਸੀ, ਪਰ ਕੰਪਨੀ ਪ੍ਰਬੰਧਨ ਨੇ ਇਨ੍ਹਾਂ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸੇਬੀ ਨੇ ਬਾਪਨਾ ਨੂੰ 27 ਕਰੋੜ, ਸੁਧਾਲਕਰ ਨੂੰ 26 ਕਰੋੜ ਤੇ ਸ਼ਾਹ ਨੂੰ 21 ਕਰੋੜ ਦਾ ਜੁਰਮਾਨਾ ਲਾਇਆ ਹੈ। ਬਾਕੀ ਬਚਦੀਆਂ ਐਂਟਿਟੀਜ਼ ਰਿਲਾਇੰਸ ਯੂਨੀਕਾਰਨ ਐਂਟਰਪ੍ਰਾਈਜ਼ਿਜ਼, ਰਿਲਾਇੰਸ ਐਕਸਚੇਂਜ ਨੈਕਸਟ ਲਿਮਟਿਡ, ਰਿਲਾਇੰਸ ਕਮਰਸ਼ੀਅਲ ਫਾਇਨਾਂਸ ਲਿਮਟਿਡ, ਰਿਲਾਇੰਸ ਕਲੀਨਜੈੱਨ ਲਿਮਟਿਡ, ਰਿਲਾਇੰਸ ਬਿਜ਼ਨਸ ਬਰਾਡਕਾਸਟ ਨਿਊਜ਼ ਹੋਲਡਿੰਗਜ਼ ਲਿਮਟਿਡ ਤੇ ਰਿਲਾਇੰਸ ਬਿਗ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ 25-25 ਕਰੋੜ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ। -ਪੀਟੀਆਈ

Advertisement
Advertisement
Author Image

sukhwinder singh

View all posts

Advertisement
×