ਸਿਆਟਲ: ਗੋਲੀਬਾਰੀ ਵਿੱਚ ਪਰਿਵਾਰ ਦੇ ਪੰਜ ਜੀਅ ਹਲਾਕ
ਫਾਲ ਸਿਟੀ (ਵਾਸ਼ਿੰਗਟਨ), 22 ਅਕਤੂਬਰ
ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਘਰ ’ਚ ਅੱਜ ਸਵੇਰੇ ਹੋਈ ਗੋਲੀਬਾਰੀ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ’ਚ ਉਨ੍ਹਾਂ ਇੱਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ। ਕਿੰਗ ਕਾਊਂਟੀ ਸ਼ੈਰਿਫ ਦਫਤਰ ਦੇ ਤਰਜਮਾਨ ਮਾਈਕ ਮੇਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕਾਂ ਨੇ ਸਵੇਰੇ ਪੁਲੀਸ ਨੂੰ 5 ਵਜੇ ਦੇ ਕਰੀਬ ਫੋਨ ਕਰਕੇ ਵਾਸ਼ਿੰਗਟਨ ਦੇ ਫਾਲ ਸਿਟੀ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ। ਇਸ ਮਗਰੋ ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਉਥੋਂ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਜਦਕਿ ਗੋਲੀਬਾਰੀ ਵਿਚ ਜ਼ਖਮੀ ਹੋਏ ਇਕ ਹੋਰ ਨੌਜਵਾਨ ਨੂੰ ਸੀਏਟਲ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲੀਸ ਜਦੋਂ ਘਰ ਅੰਦਰ ਦਾਖਲ ਹੋਈ ਤਾਂ ਉਨ੍ਹਾਂ ਨੂੰ ਪੰਜ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੇ ਨਾਵਾਂ ਦਾ ਹਾਲੇ ਖੁਲਾਸਾ ਨਹੀਂ ਕੀਤਾ ਗਿਆ। ਮੇਲਿਸ ਨੇ ਕਿਹਾ ਕਿ ਲੱਗਦਾ ਹੈ ਕਿ ਸਾਰੇ ਪੀੜਤ ਇੱਕੋ ਪਰਿਵਾਰ ਦੇ ਜੀਅ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ, ‘ਇਸ ਮਾਮਲੇ ਵਿੱਚ ਕਿਸੇ ਹੋਰ ਨੂੰ ਗ੍ਰਿਫ਼ਤਾਰ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’ ਇਸ ਦੌਰਾਨ ਗੁਆਂਢ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਕਿਹਾ ਕਿ ਉਸ ਘਰ ਵਿੱਚ ਇੱਕ ਜੋੜਾ ਅਤੇ ਪੰਜ ਬੱਚੇ ਰਹਿੰਦੇ ਸਨ। ਉਸ ਨੇ ਕਿਹਾ ਕਿ ਇਸ ਘਟਨਾ ਪਿੱਛੋਂ ਉਹ ਹਾਲੇ ਵੀ ਸਦਮੇ ਵਿੱਚ ਹੈ। ਇਸ ਦੌਰਾਨ ਸ਼ੈਰਿਫ ਪੈਟਰਿਕਾ ਕੋਲ ਟਿੰਡਾਲ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। -ਏਪੀ