For the best experience, open
https://m.punjabitribuneonline.com
on your mobile browser.
Advertisement

ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣੀ ਉਮੀਦਵਾਰਾਂ ਦੀ ਭਾਲ

07:14 AM Apr 04, 2024 IST
ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣੀ ਉਮੀਦਵਾਰਾਂ ਦੀ ਭਾਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਪਰੈਲ
ਸੂਬੇ ਦੀ ਸਭ ਤੋਂ ਹੋਟ ਸੀਟ ਲੁਧਿਆਣਾ ਲੋਕ ਸਭਾ ਹਲਕੇ ਵਿੱਚ ‘ਚੰਗੇ’ ਉਮੀਦਵਾਰਾਂ ਦੀ ਭਾਲ ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣ ਗਈ ਹੈ। ਹਾਲਾਤ ਇਹ ਹਨ ਕਿ ਸੱਤਾਧਾਰੀ ‘ਆਪ’ ਨੂੰ ਦੋ ਸਾਲਾਂ ਦੇ ਸੱਤਾ ਸੁੱਖ ਤੋਂ ਬਾਅਦ ਵੀ ਲੁਧਿਆਣਾ ਤੋਂ ਚੰਗਾ ਉਮੀਦਵਾਰ ਹਾਲੇ ਤੱਕ ਮਿਲ ਨਹੀਂ ਰਿਹਾ ਹੈ। ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਕਾਂਗਰਸੀ ਦੀ ਸਿਰਦਰਦੀ ਵੀ ਵਧਾ ਦਿੱਤੀ ਹੈ। ਇਹੀ ਹਾਲ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੈ, ਜਿਨ੍ਹਾਂ ਨੇ ਪਹਿਲਾਂ ਭਾਜਪਾ ਨਾਲ ਗੱਠਜੋੜ ਕਰਨਾ ਸੀ ਪਰ ਹੁਣ ਇਕੱਲੇ ਚੋਣਾਂ ਲੜਨ ਕਰ ਕੇ ਅਕਾਲੀ ਦਲ ਵੀ ਲੁਧਿਆਣਾ ਵਿੱਚ ਹਾਲੇ ਤੱਕ ਚੰਗੇ ਉਮੀਦਵਾਰ ਦੀ ਭਾਲ ਹੀ ਕਰ ਰਿਹਾ ਹੈ।
ਭਾਜਪਾ ਨੇ ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੈਦਾਨ ’ਚ ਉਤਾਰ ਕੇ ਬਾਜ਼ੀ ਮਾਰ ਲਈ ਹੈ। ਇਸ ਤੋਂ ਬਾਅਦ ਹੁਣ ਬਾਕੀ ਸਿਆਸੀ ਪਾਰਟੀਆਂ ’ਤੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦਾ ਦਬਾਅ ਬਣ ਗਿਆ ਹੈ। ਹਰ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਚੋਣ ਮੈਦਾਨ ’ਚ ਮਜ਼ਬੂਤ ਉਮੀਦਵਾਰ ਉਤਾਰਿਆ ਜਾਵੇ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਹਾਲੇ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਐਲਾਨਣ ਵਿੱਚ ਸਮਾਂ ਲੱਗੇਗਾ।
ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਛੱਡ ਬਾਕੀ ਥਾਵਾਂ ’ਤੇ ‘ਆਪ’ ਦੇ ਹੀ ਵਿਧਾਇਕ ਹਨ। ‘ਆਪ’ ਦਾ ਲੁਧਿਆਣਾ ਵਿੱਚ ਕਾਫ਼ੀ ਚੰਗਾ ਦਬਦਬਾ ਹੈ। ਇਸ ਦੇ ਬਾਵਜੂਦ ਲੁਧਿਆਣਾ ਵਿੱਚ ਹਾਲੇ ਵੀ ‘ਆਪ’ ਚੰਗੇ ਉਮੀਦਵਾਰ ਦੀ ਭਾਲ ਕਰ ਰਹੀ ਹੈ। ਸੂਬੇ ਦੀਆਂ ਕਈ ਸੀਟਾਂ ’ਤੇ ‘ਆਪ’ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਪਰ ਲੁਧਿਆਣਾ ਵਿੱਚ ਹਾਲੇ ਉਮੀਦਵਾਰਾਂ ਦੇ ਨਾਂ ’ਤੇ ਚਰਚਾ ਹੀ ਹੋ ਰਹੀ ਹੈ। ਦਾਅਵੇਦਾਰਾਂ ਦੀ ਗੱਲ ਕਰੀਏ ਤਾਂ ਪਾਰਟੀ ਕਿਸੇ ਮੌਜੂਦਾ ਵਿਧਾਇਕ, ਗੁਰਪ੍ਰੀਤ ਗੋਗੀ, ਮਦਨ ਲਾਲ ਬੱਗਾ, ਗਰੇਵਾਲ ਜਾਂ ਫਿਰ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ’ਤੇ ਦਾਅ ਖੇਡ ਸਕਦੀ ਹੈ।
ਇਸੇ ਤਰ੍ਹਾਂ ਕਾਂਗਰਸ ਵਿੱਚ ਵੀ ਬਿੱਟੂ ਦੇ ਜਾਣ ਤੋਂ ਬਾਅਦ ਦਾਅਵੇਦਾਰਾਂ ਦੀ ਲਿਸਟ ਲੰਬੀ ਹੋ ਗਈ ਹੈ। ਇਸ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ, ਸਾਬਕਾ ਮੰਤਰੀ ਰਾਕੇਸ਼ ਪਾਂਡੇ ਤੇ ਬਿੱਟੂ ਦੇ ਹੀ ਭਰਾ ਗੁਰਕੀਰਤ ਕੋਟਲੀ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਤੋਂ ਬਾਅਦ ਚੋਣ ਲੜਨ ਲਈ ਆਪਣੀ ਤਿਆਰੀ ਕੀਤੀ ਹੈ। ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋ ਸਾਲ ਪਹਿਲਾਂ ਵਿਪਨ ਸੂਦ ਕਾਕਾ ਦਾ ਨਾਂ ਐਲਾਨਿਆ ਸੀ, ਪਰ ਹੁਣ ਤੱਕ ਉਨ੍ਹਾਂ ਨੂੰ ਰਸਮੀ ਤੌਰ ’ਤੇ ਉਮੀਦਵਾਰ ਨਹੀਂ ਐਲਾਨਿਆ ਗਿਆ। ਹੁਣ ਪਾਰਟੀ ਸਾਬਕਾ ਲੋਕ ਸਭਾ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਾਂ ’ਤੇ ਚਰਚਾ ਕਰ ਰਹੀ ਹੈ।

Advertisement

Advertisement
Author Image

Advertisement
Advertisement
×