Search Operation ਅਖਨੂਰ ਸੈਕਟਰ ਵਿਚ ਮਸ਼ਕੂਕਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਦੂਜੇ ਦਿਨ ਵੀ ਜਾਰੀ
ਜੰਮੂ, 12 ਜਨਵਰੀ
ਪਿਛਲੇ ਹਫ਼ਤੇ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਦੇਖੇ ਗਏ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਗਿਆ ਅਪਰੇਸ਼ਨ ਅੱਜ ਦੂਜੇ ਦਿਨ ਵਿਚ ਦਾਖ਼ਲ ਹੋ ਗਿਆ। ਸੁਰੱਖਿਆ ਬਲਾਂ ਵੱਲੋਂ ਇਸ ਪੂਰੇ ਅਪਰੇਸ਼ਨ ਵਿਚ ਡਰੋਨਜ਼ ਤੇ ਹੋਰ ਆਧੁਨਿਕ ਉਪਕਰਨਾਂ ਦੀ ਮਦਦ ਲਈ ਜਾ ਰਹੀ ਹੈ। ਥਲ ਸੈਨਾਂ ਦੀਆਂ ਵੱਖ ਵੱਖ ਯੂਨਿਟਾਂ ਨੇ ਸ਼ਨਿੱਚਰਵਾਰ ਨੂੰ ਭੱਠਲ ਇਲਾਕੇ ਵਿਚ ਅਪਰੇਸ਼ਨ ਸ਼ੁਰੂ ਕੀਤਾ ਸੀ। ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਜੋਗੀਵਨ ਜੰਗਲੀ ਇਲਾਕੇ ਵਿਚ ਕੁਝ ਸ਼ੱਕੀ ਨਕਲੋਹਰਕਤ ਦਾ ਦਾਅਵਾ ਕੀਤਾ ਸੀ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਇਹ ਮਸ਼ਕੂਕ ਸਰਹੱਦ ਪਾਰੋਂ ਘੁਸਪੈਠ ਕਰਕੇ ਇਸ ਪਾਸੇ ਆਏ ਹਨ। ਇਨ੍ਹਾਂ ਮਸ਼ਕੂਕਾਂ ਦਾ ਅਜੇ ਤੱਕ ਕੋਈ ਖੁਰਾ-ਖੋਜ ਨਾ ਲੱਗਣ ਕਰਕੇ ਹੋਰ ਸੁਰੱਖਿਆ ਬਲਾਂ ਨੂੰ ਤਲਾਸ਼ੀ ਮੁਹਿੰਮ ਵਿਚ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਇਸ ਪੂਰੇ ਅਪਰੇਸ਼ਨ ਲਈ ਖੋਜੀ ਕੁੱਤਿਆਂ ਤੋਂ ਇਲਾਵਾ ਡਰੋਨ ਅਤੇ ਹੋਰ ਆਧੁਨਿਕ ਉਪਕਰਨ ਤਾਇਨਾਤ ਕੀਤੇ ਗਏ ਹਨ, ਜਦੋਂ ਕਿ ਪੁਲੀਸ ਪਾਰਟੀਆਂ ਵੀ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹੋ ਗਈਆਂ ਹਨ। ਪਿਛਲੇ ਸਾਲ 28 ਅਤੇ 29 ਅਕਤੂਬਰ ਨੂੰ ਅਖਨੂਰ ਸੈਕਟਰ ਵਿੱਚ ਦੋ ਦਿਨਾਂ ਤੱਕ ਚੱਲੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਤਿੰਨ ਹਥਿਆਰਬੰਦ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। -ਪੀਟੀਆਈ