For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਪੁਲੀਸ ਵੱਲੋਂ ਘਰਾਂ ਵਿੱਚ ਤਲਾਸ਼ੀ ਮੁਹਿੰਮ

08:05 AM Jun 22, 2024 IST
ਲੁਧਿਆਣਾ ਪੁਲੀਸ ਵੱਲੋਂ ਘਰਾਂ ਵਿੱਚ ਤਲਾਸ਼ੀ ਮੁਹਿੰਮ
ਤਲਾਸ਼ੀ ਮੁਹਿੰਮ ਦੌਰਾਨ ਸਕੂਟਰ ਜ਼ਬਤ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਏ ਗਏ ਅਪਰੇਸ਼ਨ ਕਾਸੋ ਤਹਿਤ ਲੁਧਿਆਣਾ ਪੁਲੀਸ ਨੇ ਕਈ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਸ਼ੁੱਕਰਵਾਰ ਦੀ ਸਵੇਰੇ ਅਚਾਨਕ ਘੋੜਾ ਕਲੋਨੀ, ਛਾਉਣੀ ਮੁਹੱਲਾ, ਸਮੇਤ ਹੋਰ ਵੱਖ-ਵੱਖ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਬਿਨਾਂ ਕਿਸੇ ਨੂੰ ਸੂਚਿਤ ਕੀਤੇ ਪੂਰੀ ਯੋਜਨਾ ਨਾਲ ਪੁਲੀਸ ਨੇ ਕਈ ਇਲਾਕਿਆਂ ਨੂੰ ਘੇਰ ਲਿਆ। ਇਸ ਤਲਾਸ਼ੀ ਮੁਹਿੰਮ ਦੀ ਪੂਰੀ ਕਮਾਂਡ ਉੱਚ ਅਧਿਕਾਰੀਆਂ ਨੇ ਆਪਣੇ ਹੱਥ ’ਚ ਰੱਖੀ ਸੀ। ਸਵੇਰੇ ਕਰੀਬ 7 ਕੁ ਵਜੇ ਹੀ ਪੁਲੀਸ ਦੀਆਂ ਕਈ ਟੀਮਾਂ ਵੱਖ-ਵੱਖ ਇਲਾਕਿਆਂ ’ਚ ਚੈਕਿੰਗ ਲਈ ਪੁੱਜ ਗਈਆਂ। ਪੁਲੀਸ ਨੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ, ਗਾਂਜਾ ਤੇ ਅਫ਼ੀਮ ਬਰਾਮਦ ਕੀਤੀ। ਪੁਲੀਸ ਨੇ ਵੱਖ-ਵੱਖ ਥਾਣਿਆਂ ’ਚ ਸਾਰਿਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਕਈ ਇਲਾਕਿਆਂ ’ਚ ਪੁਲੀਸ ਦੀ ਕਾਰਵਾਈ ਨੂੰ ਲੋਕਾਂ ਨੇ ਦੱਸਿਆ ਕਿ ਇਹ ਮਹਿਜ਼ ਖਾਨਾਪੂਰਤੀ ਕੀਤੀ ਹੈ।
ਪੁਲੀਸ ਦੀ ਛਾਪੇ ਤੋਂ ਪਹਿਲਾਂ ਤਸਕਰਾਂ ਨੂੰ ਸੂਚਨਾ ਮਿਲ ਜਾਂਦੀ ਹੈ ਤੇ ਉਹ ਨਸ਼ੇ ਦਾ ਸਾਮਾਨ ਇੱਧਰ ਉਧਰ ਕਰਨ ’ਚ ਕਾਮਯਾਬ ਹੋ ਜਾਂਦੇ ਹਨ। ਏਡੀਜੀਪੀ ਪ੍ਰਵੀਨ ਕੁਮਾਰ ਸਿਨ੍ਹਾ ਤੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਲੁਧਿਆਣਾ ’ਚ ਘੋੜਾ ਕਲੋਨੀ ਤੇ ਛਾਉਣੀ ਮੁਹੱਲਾ ’ਚ ਚੈਕਿੰਗ ਕੀਤੀ ਗਈ ਹੈ। ਅਧਿਕਾਰੀਆਂ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵੀ ਹਾਲ ’ਚ ਨਸ਼ਾ ਤਸਕਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਥਾਣਾ ਡੇਹਲੋਂ ਇਲਾਕੇ ’ਚ ਪੁਲੀਸ ਨੇ ਪਿੰਡ ਖੇੜਾ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਹਰਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਧਰ ਥਾਣਾ ਸਾਹਨੇਵਾਲ ਪੁਲੀਸ ਨੇ ਗਿਆਸਪੁਰਾ ਦੀ ਸ਼ਾਂਤੀ ਨਗਰ ਇਲਾਕੇ ’ਚ ਰਹਿਣ ਵਾਲੇ ਪਿੰਟੂ ਕੁਮਾਰ ਨੂੰ ਗ੍ਰਿਫ਼ਤਾਰ ਕਰ 150 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਥਾਣਾ ਪੀਏਯੂ ਪੁਲੀਸ ਨੇ ਰਿਸ਼ੀ ਨਗਰ ਵਾਸੀ ਤੁਸ਼ਾਰ ਬਾਂਸਲ ਨੂੰ ਗ੍ਰਿਫ਼ਤਾਰ ਕਰ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਹਰਕਿਰਤਪੁਰਾ ਕਲੋਨੀ ਵਾਸੀ ਜਾਵਰ ਸਿੰਘ ਨੂੰ ਗ੍ਰਿਫ਼ਤਾਰ ਕਰ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਜਮਾਲਪੁਰ ਦੀ ਪੁਲੀਸ ਨੇ ਪਿੰਡ ਖਾਸੀ ਕਲਾਂ ਵਾਸੀ ਸਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਉਸਦੇ ਕਬਜ਼ੇ ’ਚੋਂ 120 ਗ੍ਰਾਮ ਹੈਰੋਇਨ ਅਤੇ ਉਤਮ ਨਗਰ ਵਾਸੀ ਟੀਨੂ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਡੇਢ ਕਿਲੋ ਗਾਂਜਾ ਬਰਾਮਦ ਕੀਤਾ ਹੈ।

Advertisement

Advertisement
Advertisement
Author Image

sukhwinder singh

View all posts

Advertisement