ਅਪਰਾਧਕ ਗਤੀਵਿਧੀਆਂ ਠੱਲ੍ਹਣ ਲਈ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੁਲਾਈ
ਗੈਂਗਸਟਰਾਂ ਅਤੇ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਦੇ ਚੱਲਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਇੱੱਕ ਵਾਰ ਫਿਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਿੱਥੇ ਪਟਿਆਲਾ ਦੇ ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਆਪਣੇ ਅਧਿਕਾਰ ਖੇਤਰ ’ਚ ਪੈਂਦੇ ਥਾਣਿਆਂ ਦੇ ਮੁਖੀਆਂ ਅਤੇ ਹੋਰ ਪੁਲੀਸ ਫੋਰਸ ਨਾਲ ਲੈ ਕੇ ਇੱਥੋਂ ਦੇ ਰੇਲਵੇ ਸਟੇਸ਼ਨ ਅਤੇ ਮੁੱਖ ਬੱਸ ਅੱਡੇ ਸਣੇ ਹੋਰ ਥਾਵਾਂ ਦੀ ਅਚਨਚੇਤ ਤਲਾਸ਼ੀ ਲਈ।
ਇਸ ਮੌਕੇ ’ਤੇ ਕਈ ਮੁਸਾਫ਼ਰਾਂ ਦਾ ਸਾਮਾਨ ਵੀ ਚੈੱਕ ਕੀਤਾ ਗਿਆ। ਇਸ ਦੌਰਾਨ ਕੁਝ ਬਰਾਮਦਗੀਆਂ ਵੀ ਹੋਈਆਂ ਹਨ ਜਿਸ ਸਬੰਧੀ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਮੁਕੰਮਲ ਵੇਰਵੇ ਇੱਕ ਦਿਨ ਬਾਅਦ ਹੀ ਮਿਲ ਸਕਣਗੇ। ਇਸ ਮੌਕੇ ਡੀਐਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠਲੀ ਇਸ ਟੀਮ ਵਿੱਚ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪਰਦੀਪ ਬਾਜਵਾ, ਅਨਾਜ ਮੰਡੀ ਦੇ ਮੁਖੀ ਇੰਸਪੈਕਟਰ ਅਮਨਦੀਪ ਬਰਾੜ, ਥਾਣਾ ਅਰਬਨ ਅਸਟੇਟ ਦੇ ਮੁਖੀ ਅੰਮਿਤਬੀਰ ਚਹਿਲ, ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਗਿੱਲ ਅਤੇ ਥਾਣਾ ਲਾਹੌਰੀ ਗੇਟ ਦੇ ਮੁਖੀ ਰਮਨਦੀਪ ਸਿੰਘ ਆਦਿ ਵੀ ਮੌਜੂਦ ਸਨ।
ਇਸ ਬਾਬਤ ਗੱਲਬਾਤ ਕਰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਡੀਜੀਪੀ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਨੂੰ ਮੁਕੰਮਲ ਰੂਪ ’ਚ ਠੱਲ੍ਹ ਪਾਉਣ ਲਈ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਹੋਏ ਹਨ। ਇਸ ਕੜੀ ਵਜੋਂ ਹੀ ਜ਼ਿਲ੍ਹਾ ਪੁਲੀਸ ਪਟਿਆਲਾ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਸ਼ਾਹੀ ਸ਼ਹਿਰ ਵਿਚ ਤਿੰਨ ਦਰਜਨ ਥਾਵਾਂ ’ਤੇ ਢਾਈ ਸੌ ਦੇ ਕਰੀਬ ਸੀਸੀਟੀਵੀ ਕੈਮਰੇ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਭਾਵੇਂ ਪੁਲੀਸ ਦਿਨ ਰਾਤ ਚੌਕਸ ਰਹਿੰਦੀ ਹੈ, ਪਰ ਫਿਰ ਵੀ ਕਈ ਵਾਰ ਗੈਂਗਸਟਰ, ਸਨੈਚਰ ਅਤੇ ਲੁੱਟ ਖੋਹ ਕਰਨ ਸਣੇ ਹੋਰ ਅਪਰਾਧਕ ਬਿਰਤੀ ਵਾਲ਼ੇ ਅਨਸਰ ਵਾਰਦਾਤ ਕਰ ਕੇ ਸ਼ਹਿਰ ਵਿੱਚ ਆ ਵੜਦੇ ਸਨ ਜਾਂ ਸ਼ਹਿਰ ਤੋਂ ਬਾਹਰ ਚਲੇ ਜਾਂਦੇ ਸਨ। ਇਨ੍ਹਾਂ ਨੂੰ ਦਬੋਚਣ ਲਈ ਪੁਲੀਸ ਦਾ ਕਾਫ਼ੀ ਸਮਾਂ ਅਤੇ ਜੱਦੋ-ਜਹਿਦ ਲਗਦੀ ਸੀ, ਹੁਣ ਪੁਲੀਸ ਵੱਲੋਂ ਆਪਣੇ ਕੈਮਰੇ ਲਾਉਣ ਨਾਲ ਜਿੱਥੇ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ, ਉੱਥੇ ਹੀ ਅਪਰਾਧੀਆਂ ਹੋਰ ਛੇਤੀ ਦਬੋਚਣ ’ਚ ਵੀ ਮਦਦ ਮਿਲੇਗੀ।