ਲੁਧਿਆਣਾ ਪੁਲੀਸ ਵੱਲੋਂ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਪਰੈਲ
ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਅਤੇ ਨਾਲ ਦੀ ਨਾਲ ਅਪਰੇਸ਼ਨ ਕਾਸੋ ਤਹਿਤ ਲੁਧਿਆਣਾ ਪੁਲੀਸ ਵੱਲੋਂ ਮੰਗਲਵਾਰ ਨੂੰ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਏਡੀਸੀਪੀ-1 ਜਗਵਿੰਦਰ ਸਿੰਘ ਅਤੇ ਏਸੀਪੀ ਕੇਂਦਰੀ ਆਕਸ਼ੀ ਜੈਨ ਦੀ ਅਗਵਾਈ ’ਚ ਥਾਣਾ ਕੋਤਵਾਲੀ, ਡਿਵੀਜ਼ਨ ਨੰਬਰ-ਦੋ, ਤਿੰਨ ਅਤੇ ਚਾਰ ਦੇ ਨਾਲ ਨਾਲ ਚੌਕੀ ਧਰਮਪੁਰਾ ਤੇ ਜਨਕਪੁਰੀ ਦੀ ਟੀਮ ਸਣੇ 180 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਸਟੇਸ਼ਨ ’ਤੇ ਚੈਕਿੰਗ ਕੀਤੀ। ਇੰਨੀ ਵੱਡੀ ਗਿਣਤੀ ’ਚ ਪੁਲੀਸ ਨੂੰ ਦੇਖ ਇੱਕ ਵਾਰ ਤਾਂ ਲੋਕ ਹੈਰਾਨ ਹੋ ਗਏ। ਲੋਕਾਂ ’ਚ ਚਰਚਾ ਸੀ ਕਿ ਕਿਤੇ ਕੋਈ ਵੱਡੀ ਵਾਰਦਾਤ ਹੋਈ ਹੈ। ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ ਦਾ ਚੱਪਾ-ਚੱਪਾ ਖੰਗਾਲਿਆ ਤੇ ਮਾਲ ਗੁਦਾਮ ਦੇ ਨਾਲ-ਨਾਲ ਪਾਰਕਿੰਗਾਂ ’ਚ ਖੜ੍ਹੇ ਵਾਹਨਾਂ ਬਾਰੇ ਵੀ ਜਾਣਕਾਰੀ ਲਈ।
ਏਡੀਸੀਪੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਮੌਜੂਦ ਗੱਡੀਆਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੇ ਅਪਰੇਸ਼ਨ ਕਾਸੋ ਦੇ ਤਹਿਤ ਇਹ ਚੈਕਿੰਗ ਕੀਤੀ ਗਈ ਹੈ। ਇਸ ’ਚ ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਹੈ। ਏਡੀਸੀਪੀ ਨੇ ਕਿਹਾ ਕਿ ਪੁਲੀਸ ਕੋਲ ਰੇਲਵੇ ਸਟੇਸ਼ਨ ਦੇ ਜਿਨ੍ਹਾਂ ਪੁਆਇੰਟਾਂ ਬਾਰੇ ਸੂਚਨਾ ਸੀ, ਉਥੇ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਅਣਹੋਣੀ ਨਾ ਹੋਵੇ। ਇਹ ਚੈਕਿੰਗ ਪਹਿਲਾਂ ਵੀ ਚੱਲਦੀ ਸੀ ਅਤੇ ਹੁਣ ਵੀ ਚੱਲ ਰਹੀ ਹੈ ਤੇ ਅੱਗੇ ਵੀ ਜਾਰੀ ਰਹੇਗੀ। ਏਡੀਸੀਪੀ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪੁਲੀਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣਗੀਆਂ।