For the best experience, open
https://m.punjabitribuneonline.com
on your mobile browser.
Advertisement

ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਸੂਬੇ ਭਰ ਵਿੱਚ ਤਲਾਸ਼ੀ ਮੁਹਿੰਮ

09:34 AM Jun 17, 2024 IST
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਸੂਬੇ ਭਰ ਵਿੱਚ ਤਲਾਸ਼ੀ ਮੁਹਿੰਮ
ਮੁਹਾਲੀ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ, ਐੱਸਐੱਸਪੀ ਡਾ. ਸੰਦੀਪ ਗਰਗ ਤੇ ਹੋਰ ਪੁਲੀਸ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਪੰਜਾਬ ਪੁਲੀਸ ਨੇ ਅੱਜ ਸੂਬੇ ਭਰ ਵਿੱਚ ਨਸ਼ਿਆਂ ਦੇ ਪਛਾਣੇ ਗਏ ਹੌਟਸਪੌਟਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਰਚ ਅਪਰੇਸ਼ਨ ਚਲਾਇਆ। ਪੁਲੀਸ ਨੇ ਕਈ ਥਾਈਂ ਚੈਕਿੰਗ ਕੀਤੀ ਤੇ ਸ਼ੱਕੀ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਰਚ ਅਪਰੇਸ਼ਨ ਸੂਬੇ ਦੇ ਸਾਰੇ 28 ਪੁਲੀਸ ਜ਼ਿਲ੍ਹਿਆਂ ਵਿੱਚ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਚਲਾਇਆ ਗਿਆ। ਇਸ ਮੌਕੇ ਸਾਰੀਆਂ ਰੇਂਜਾਂ ਦੇ ਏਡੀਜੀਪੀਜ਼, ਆਈਜੀ, ਡੀਆਈਜੀ ਅਤੇ ਪੁਲੀਸ ਕਮਿਸ਼ਨਰ ਤੇ ਐੱਸਐੱਸਪੀ ਵੀ ਮੌਜੂਦ ਰਹੇ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ 3000 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀਆਂ 450 ਤੋਂ ਵੱਧ ਟੀਮਾਂ ਨੇ ਸੂਬੇ ਭਰ ਦੇ 280 ਡਰੱਗ ਹੌਟਸਪੌਟਸ ’ਤੇ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਨੇ 140 ਕੇਸ ਦਰਜ ਕਰਕੇ 166 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਨੇ 2.7 ਕਿਲੋਗ੍ਰਾਮ ਹੈਰੋਇਨ, 1.50 ਲੱਖ ਰੁਪਏ ਡਰੱਗ ਮਨੀ, 12.2 ਕਿਲੋ ਭੁੱਕੀ, 5,820 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਹੈ। ਪੁਲੀਸ ਨੇ 16 ਮੋਟਰਸਾਈਕਲ ਤੇ ਤਿੰਨ ਕਾਰਾਂ ਵੀ ਜ਼ਬਤ ਕੀਤੀਆਂ ਹਨ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸਰਹੱਦੀ ਸੂਬੇ ਤੋਂ ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਪੱਖੀ ਰਣਨੀਤੀ ਅਪਣਾਈ ਗਈ ਹੈ ਜਿਸ ਤਹਿਤ ਐਨਫੋਰਸਮੈਂਟ, ਡੀ-ਐਡਿਕਸ਼ਨ ਅਤੇ ਪ੍ਰੀਵੈਂਸ਼ਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਐਨਫੋਰਸਮੈਂਟ ਤਹਿਤ ਪੁਲੀਸ ਵੱਲੋਂ ਛੋਟੇ ਨਸ਼ਾ ਤਸਕਰਾਂ ਨੂੰ ਨਾਮਜ਼ਦ ਕਰ ਕੇ ਨਸ਼ੇ ਦੀ ਸਪਲਾਈ ਚੇਨ ਤੋੜੀ ਜਾਵੇਗੀ। ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਹੱਦ ਦੇ ਨਾਲ-ਨਾਲ ਸੁਰੱਖਿਆ ਦੀ ਦੂਜੀ ਕਤਾਰ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਐੱਨਡੀਪੀਐਸ ਐਕਟ ਤਹਿਤ ਦਰਜ ਕੀਤੇ ਸਾਰੇ ਕੇਸਾਂ ਦੇ ਅਗਲੇ ਤੇ ਪਿਛਲੇ ਸਬੰਧਾਂ ਨੂੰ ਘੋਖਣ ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਬੰਦ ਸਾਰੇ ਨਸ਼ਾ ਤਸਕਰਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਾਲ 2017 ਤੋਂ ਹੁਣ ਤੱਕ ਹੈਰੋਇਨ ਦੀ ਬਰਾਮਦਗੀ ਵਿੱਚ 5.6 ਗੁਣਾ ਵਾਧਾ ਹੋਇਆ ਹੈ।

Advertisement

ਪੰਜਾਬ ਪੁਲੀਸ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਤਿਆਰੀ

ਪੰਜਾਬ ਪੁਲੀਸ ਵੱਲੋਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਉਥਲ-ਪੁਥਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਡੀਜੀਪੀ ਦੇ ਨਿਰਦੇਸ਼ਾਂ ਮਗਰੋਂ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਉਨ੍ਹਾਂ ਸਾਰੇ ਪੁਲੀਸ ਮੁਲਾਜ਼ਮਾਂ ਦਾ ਸੂਬੇ ਭਰ ਦੇ ਥਾਣਿਆਂ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਜਾਵੇਗਾ ਜੋ ਤਿੰਨ ਜਾਂ ਤਿੰਨ ਤੋਂ ਵੱਧ ਸਾਲਾਂ ਤੋਂ ਇੱਕੋ ਥਾਣੇ ਵਿੱਚ ਤਾਇਨਾਤ ਹਨ।

ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ

ਚੰਡੀਗੜ੍ਹ (ਟਨਸ): ਪੰਜਾਬ ਪੁਲੀਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਪੰਜਾਬ ਦੇ ਡੀਜੀਪੀ ਨੇ ਸੂਬੇ ਦੇ ਸਾਰੇ ਪੁਲੀਸ ਕਮਿਸ਼ਨਰਾਂ ਤੇ ਸੀਨੀਅਰ ਪੁਲੀਸ ਕਪਤਾਨਾਂ (ਐੱਸਐੱਸਪੀਜ਼) ਨੂੰ ਆਪੋ-ਆਪਣੇ ਜ਼ਿਲ੍ਹਿਆਂ ’ਚ ਬਾਸਕਟਬਾਲ, ਕਬੱਡੀ, ਕ੍ਰਿਕਟ, ਵਾਲੀਬਾਲ, ਫੁਟਬਾਲ ਟੂਰਨਾਮੈਂਟ, ਸਾਈਕਲਾਥੋਨ, ਜਾਗਰੂਕਤਾ ਕੈਂਪ, ਨਾਟਕ, ਨੁੱਕੜ ਨਾਟਕ, ਮੈਰਾਥਨ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਵੱਖ-ਵੱਖ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਨਾਲ ਆਮ ਲੋਕਾਂ, ਨੌਜਵਾਨਾਂ, ਗੈਰ-ਸਰਕਾਰੀ ਸੰਸਥਾਵਾਂ (ਐੱਨਜੀਓਜ਼), ਕਲੱਬਾਂ ਆਦਿ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮੁਹਿੰਮ ਦਾ ਹਿੱਸਾ ਬਣਾਇਆ ਜਾ ਸਕੇਗਾ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿੱਚ ਬੀਤੇ ਦਿਨ ਜ਼ਿਲ੍ਹਾ ਪੁਲੀਸ ਵੱਲੋਂ ਕਰਵਾਏ ਗਏ ‘ਫ਼ਤਹਿ ਕੱਪ’ ਨਾਲ ਹੋਈ।

Advertisement
Author Image

Advertisement
Advertisement
×