ਪੰਚਾਇਤੀ ਚੋਣਾਂ ’ਚ ਰਿਸ਼ਵਤ ਲੈਣ ਵਾਲਾ ਨਹਿਰੀ ਵਿਭਾਗ ਦਾ ਐੱਸਡੀਓ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 21 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਨਹਿਰੀ ਵਿਭਾਗ ਫ਼ਿਰੋਜ਼ਪੁਰ ਦੇ ਐੱਸਡੀਓ ਗੁਲਾਬ ਸਿੰਘ ਅਤੇ ਖੇਤੀਬਾੜੀ ਵਿਭਾਗ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਖ਼ਿਲਾਫ਼ ਪੰਦਰਾਂ ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਐੱਸਡੀਓ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਮੁਲਜ਼ਮ ਦਵਿੰਦਰ ਸਿੰਘ ਦੀ ਭਾਲ ਜਾਰੀ ਹੈ। ਇਸ ਮਾਮਲੇ ਵਿੱਚ ਇਹ ਦੋਵੇਂ ਮੁਲਜ਼ਮ ਹਾਲ ਦੌਰਾਨ ਹੋਈਆਂ ਪੰਚਾਇਤੀ ਚੋਣਾਂ ਵੇਲੇ ਬਲਾਕ ਘੱਲ ਖੁਰਦ ਵਿੱਚ ਕ੍ਰਮਵਾਰ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਸਨ, ਜਿਨ੍ਹਾਂ ਨੇ ਇੱਕ ਸਰਪੰਚੀ ਦੇ ਉਮੀਦਵਾਰ ਤੋਂ ਇਹ ਰਿਸ਼ਵਤ ਲਈ ਸੀ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕੱਦਮਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਘੱਲ ਖੁਰਦ ਦੇ ਪਿੰਡ ਮਾਨਾ ਸਿੰਘ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਵੱਲੋਂ ਮੁੱਖ ਮੰਤਰੀ ਦੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਰਜ ਕੀਤੀ ਸ਼ਿਕਾਇਤ ਦੀ ਜਾਂਚ ਮਗਰੋਂ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਹਾਲ ਦੌਰਾਨ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ। ਘੱਲ ਖੁਰਦ ਬਲਾਕ ਵਿਚ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਐੱਸਡੀਓ ਗੁਲਾਬ ਸਿੰਘ ਨੇ ਲੰਘੀ 4 ਅਕਤੂਬਰ ਨੂੰ ਉਕਤ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਉਸ ਕੋਲੋਂ ਦਸ ਲੱਖ ਰੁਪਏ ਰਿਸ਼ਵਤ ਵਜੋਂ ਮੰਗੇ ਅਤੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਅਗਲੇ ਦਿਨ ਗੁਲਾਬ ਸਿੰਘ ਵੱਲੋਂ ਇਸ ਅਣਪਛਾਤੇ ਵਿਅਕਤੀ ਨੇ ਬਾਗੀ ਰੋਡ ਫ਼ਿਰੋਜ਼ਪੁਰ ਨੇੜੇ ਪੈਟਰੋਲ ਪੰਪ ’ਤੇ ਪੰਜ ਲੱਖ ਰੁਪਏ ਹੋਰ ਲੈ ਲਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਿਸ਼ਵਤ ਲੈਣ ਦੇ ਬਾਵਜੂਦ ਉਸ ਦੇ ਸਰਪੰਚੀ ਦੇ ਕਾਗਜ਼ 6 ਅਕਤੂਬਰ ਨੂੰ ਰੱਦ ਕਰ ਦਿੱਤੇ ਗਏ। ਬਾਅਦ ਵਿੱਚ ਦਵਿੰਦਰ ਸਿੰਘ ਨੇ ਗੁਲਾਬ ਸਿੰਘ ਨੂੰ ਰੁਪਏ ਵਾਪਸ ਕਰਨ ਸਬੰਧੀ ਗੱਲ ਕੀਤੀ ਤੇ ਇਹ ਗੱਲਬਾਤ ਦਵਿੰਦਰ ਸਿੰਘ ਨੇ ਆਪਣੇ ਮੋਬਾਈਲ ਫ਼ੋਨ ’ਤੇ ਰਿਕਾਰਡ ਕਰਕੇ ਸ਼ਿਕਾਇਤਕਰਤਾ ਨੂੰ ਭੇਜ ਦਿੱਤੀ, ਜਿਸ ਨੂੰ ਉਸ ਨੇ ਸਬੂਤ ਵਜੋਂ ਵਿਜੀਲੈਂਸ ਅਧਿਕਾਰੀਆਂ ਨੂੰ ਸੌਂਪ ਦਿੱਤਾ। ਜਾਂਚ ਦੌਰਾਨ ਇਹ ਗੱਲ ਸਪਸ਼ਟ ਹੋ ਗਈ ਕਿ ਦੋਵਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਇਹ ਰਿਸ਼ਵਤ ਦੀ ਰਕਮ ਲੈਣ ਦੀ ਸਾਜਿਸ਼ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਐੱਸਡੀਓ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।