ਐੱਸਡੀਐੱਮ ਵੱਲੋਂ ਪ੍ਰਭਾਵਿਤ ਖੇਤਰ ਦਾ ਦੌਰਾ
ਸਰਬਜੀਤ ਸਾਗਰ
ਦੀਨਾਨਗਰ, 13 ਨਵੰਬਰ
ਮੁਹੱਲਾ ਬੇਰੀਆਂ ਵਿੱਚ ਜਲ ਸਪਲਾਈ ਦਾ ਸ਼ੱਕੀ ਪਾਣੀ ਪੀਣ ਕਾਰਨ ਬਿਮਾਰ ਹੋਏ ਵਿਅਕਤੀਆਂ ਦਾ ਹਾਲ-ਚਾਲ ਜਾਣਨ ਲਈ ਅੱਜ ਐੱਸਡੀਐੱਮ ਜਸਪਿੰਦਰ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਣ, ਐਕਸੀਅਨ ਜਲ ਸਪਲਾਈ ਦਵਿਤੇਸ਼ ਵਿਰਦੀ ਅਤੇ ਨਗਰ ਕੌਂਸਲ ਦੇ ਈਓ ਜਤਿੰਦਰ ਮਹਾਜਨ ਸਣੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਮੌਜੂਦ ਸਨ। ਐੱਸਡੀਐੱਮ ਨੇ ਮਨੋਹਰ ਲਾਲ ਅਤੇ ਬਾਬਾ ਫੱਕਰ ਗਿਰੀ ਦੇ ਘਰ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੀ ਸ਼ੱਕੀ ਪਾਣੀ ਪੀਣ ਮਗਰੋਂ ਮੌਤ ਹੋ ਗਈ ਸੀ। ਉਨ੍ਹਾਂ ਪੀੜਤ ਪਰਿਵਾਰ ਕੋਲੋਂ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਲਈ।
ਮਨੋਹਰ ਲਾਲ ਦੇ ਲੜਕੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਚੰਡੀਗੜ੍ਹ ਦੀ ਇੱਕ ਫੈਕਟਰੀ ਵਿੱਚ ਫੋਰਮੈਨ ਸਨ ਅਤੇ ਦੀਵਾਲੀ ’ਤੇ ਪਰਿਵਾਰ ਨੂੰ ਮਿਲਣ ਲਈ ਘਰ ਆਏ ਸਨ। ਇਸ ਦੌਰਾਨ ਕੁਝ ਸਮਾਂ ਜਲ ਸਪਲਾਈ ਦਾ ਪਾਣੀ ਪੀਣ ਮਗਰੋਂ ਉਨ੍ਹਾਂ ਨੂੰ ਦਸਤ ਤੇ ਉਲਟੀਆਂ ਦੀ ਸ਼ਿਕਾਇਤ ਹੋਈ ਅਤੇ ਹਾਲਤ ਵਿਗੜਨ ਮਗਰੋਂ ਮੌਤ ਹੋ ਗਈ। ਇਸੇ ਤਰ੍ਹਾਂ ਬਾਬਾ ਫੱਕਰ ਗਿਰੀ ਦੇ ਪਰਿਵਾਰ ਨੇ ਵੀ ਮੌਤ ਪਿੱਛੇ ਜਲ ਸਪਲਾਈ ਦੇ ਪਾਣੀ ਨੂੰ ਹੀ ਜ਼ਿੰਮੇਵਾਰ ਦੱਸਿਆ। ਹਾਲਾਂਕਿ ਜਲ ਸਪਲਾਈ ਵਿਭਾਗ ਦੇ ਐਕਸੀਅਨ ਦਵਿਤੇਸ਼ ਵਿਰਦੀ ਐੱਸਡੀਐੱਮ ਸਾਹਮਣੇ ਲੋਕਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕਰਦੇ ਰਹੇ ਕਿ ਪਾਣੀ ਦੇ ਸੈਂਪਲ ਠੀਕ ਹਨ। ਐੱਸਡੀਐੱਮ ਨੇ ਹਦਾਇਤ ਕੀਤੀ ਕਿ ਲੋਕਾਂ ਦੀ ਸ਼ਿਕਾਇਤ ਦੇ ਮੱਦੇਨਜ਼ਰ ਮ੍ਰਿਤਕਾਂ ਅਤੇ ਬਿਮਾਰ ਹੋਏ ਲੋਕਾਂ ਦੇ ਘਰਾਂ ਦੀ ਮੁੜ ਸੈਂਪਲਿੰਗ ਕਰਕੇ ਤਾਜ਼ਾ ਰਿਪੋਰਟ ਦਿੱਤੀ ਜਾਵੇ।
ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੇ ਦਾਅਵਾ ਕੀਤਾ ਕਿ ਮ੍ਰਿਤਕਾਂ ਦਾ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਗਿਆ ਅਤੇ ਇਹ ਕੇਸ ਸਰਕਾਰੀ ਹਸਪਤਾਲ ’ਚ ਰਿਪੋਰਟ ਨਹੀਂ ਹੋਏ। ਦੂਜੇ ਪਾਸੇ ਪੀੜਤ ਜਤਿੰਦਰ ਕੁਮਾਰ ਨੇ ਸਿਵਲ ਸਰਜਨ ਦੇ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਕਿ ਉਹ ਆਪਣੇ ਪਿਤਾ ਮਨੋਹਰ ਲਾਲ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਲੈ ਕੇ ਗਏ ਸਨ ਅਤੇ ਉੱਥੋਂ ਜਵਾਬ ਮਿਲਣ ਮਗਰੋਂ ਹੀ ਉਹ ਪ੍ਰਾਈਵੇਟ ਇਲਾਜ ਲਈ ਮਜਬੂਰ ਹੋਏ।
ਜ਼ਿਕਰਯੋਗ ਹੈ ਕਿ ਮੁਹੱਲਾ ਬੇਰੀਆਂ ਵਿੱਚ ਚਾਰ ਜਣੇ ਜਲ ਸਪਲਾਈ ਦਾ ਕਥਿਤ ਦੂਸ਼ਿਤ ਪਾਣੀ ਪੀਣ ਨਾਲ ਮਰ ਗਏ ਸਨ ਅਤੇ ਦਰਜਨਾਂ ਲੋਕ ਬਿਮਾਰ ਹਨ। ਮੀਡੀਆ ਰਿਪੋਰਟਾਂ ਮਗਰੋਂ ਸੁਚੇਤ ਹੁੰਦਿਆਂ ਅੱਜ ਸਵੇਰੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪਾਣੀ ਵਿੱਚ ਮਿਕਸ ਕਰਨ ਵਾਲੀਆਂ ਗੋਲੀਆਂ ਅਤੇ ਓਆਰਐੱਸ ਦੇ ਪੈਕੇਟ ਵੰਡੇ। ਹਾਲਾਂਕਿ ਇਸ ਸਮੱਸਿਆ ਨਾਲ ਮੁਹੱਲੇ ਦੇ ਵੱਡੀ ਗਿਣਤੀ ਲੋਕ ਪਿਛਲੇ ਕਰੀਬ 15 ਦਿਨਾਂ ਤੋਂ ਜੂਝ ਰਹੇ ਹਨ ਪਰ ਇਸ ਤੋਂ ਪਹਿਲਾਂ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਵਿਧਾਇਕਾ ਅਰੁਣਾ ਚੌਧਰੀ ਨੇ ਤੁਰੰਤ ਰਿਪੋਰਟ ਮੰਗੀ
ਇਸ ਮਾਮਲੇ ਵਿੱਚ ਬੇਰੀਆਂ ਮੁਹੱਲਾ ਦੇ ਤਿੰਨਾਂ ਕੌਂਸਲਰਾਂ ਦੀ ਭੂਮਿਕਾ ਭਾਵੇਂ ਨਿਰਾਸ਼ਾਜਨਕ ਰਹੀ ਹੈ ਪਰ ਹਲਕਾ ਵਿਧਾਇਕਾ ਅਰੁਣਾ ਚੌਧਰੀ ਨੇ ਸਮੇਂ ਸਿਰ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਆਪਣੀ ਜ਼ਿੰਮੇਵਾਰੀ ਨਿਭਾਈ। ਅਰੁਣਾ ਚੌਧਰੀ ਨੇ ਪ੍ਰਕਾਸ਼ਿਤ ਖ਼ਬਰਾਂ ਦੀ ਕਟਿੰਗ ਅਤੇ ਖ਼ੁਦ ਦਾ ਇੱਕ ਮੈਸੇਜ ਪਾ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਏਡੀਸੀ (ਵਿਕਾਸ), ਐਕਸੀਅਨ ਵਾਟਰ ਸਪਲਾਈ, ਈਓ ਨਗਰ ਕੌਂਸਲ ਅਤੇ ਐੱਸਡੀਐੱਮ ਦੀਨਾਨਗਰ ਨੂੰ ਭੇਜਿਆ। ਵਿਧਾਇਕਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਭਾਵਿਤ ਘਰਾਂ ਦੀ ਸੈਂਪਲਿੰਗ ਕਰਵਾ ਕੇ ਇਸ ਦੇ ਨਤੀਜੇ ਦੀ ਰਿਪੋਰਟ ਉਨ੍ਹਾਂ ਨੂੰ ਤੁਰੰਤ ਭੇਜੀ ਜਾਵੇ ਤਾਂ ਜੋ ਅਗਲੀ ਕਾਰਵਾਈ ਕੀਤੀ ਸਕੇ।