ਐੱਸਡੀਐੱਮ ਵੱਲੋਂ ਡਮੁੰਡਾ ’ਚ ਉਸਾਰੇ ਜਾ ਰਹੇ ਸਟੇਡੀਅਮ ਦਾ ਜਾਇਜ਼ਾ
ਪੱਤਰ ਪ੍ਰੇਰਕ
ਜਲੰਧਰ, 17 ਫਰਵਰੀ
ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਪਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਵੱਲੋਂ ਉਸਾਰੇ ਜਾ ਰਹੇ ਸਮਾਰਕ ਅਤੇ ਸਟੇਡੀਅਮ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਉੱਥੇ ਇਹ ਸਟੇਡੀਅਮ ਆਉਣ ਵਾਲਿਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗਾ।’ ਇਹ ਗੱਲ ਐੱਸਡੀਐੱਮ (ਆਦਮਪੁਰ) ਵਿਵੇਕ ਕੁਮਾਰ ਮੋਦੀ ਨੇ ਅੱਜ ਪਿੰਡ ਡਮੁੰਡਾ ਵਿੱਚ ਸਟੇਡੀਅਮ ਦਾ ਦੌਰਾ ਕਰਨ ਮਗਰੋਂ ਆਖੀ। ਐੱਸਡੀਐੱਮ ਨੇ ਕਿਹਾ ਕਿ ਸਾਰਾਗੜ੍ਹੀ ਦਾ ਸਾਕਾ ਸਾਡੇ ਗੌਰਵਮਈ ਇਤਿਹਾਸ ਵਿੱਚ ਅਲੱਗ ਸਥਾਨ ਰੱਖਦਾ ਹੈ ਅਤੇ ਇਨ੍ਹਾਂ ਯੋਧਿਆਂ ਵਿੱਚ ਪਿੰਡ ਡਮੁੰਡਾ ਦੇ ਸ਼ਹੀਦ ਹੋਏ ਦੋ ਸੂਰਵੀਰਾਂ ਦੀ ਯਾਦ ਨੂੰ ਤਾਜ਼ਾ ਕਰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਉਹ ਇਸ ਕੰਮ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਣਗੇ।
ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਆਪਣੇ ਪਿੰਡ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਕੁਝ ਅਜਿਹਾ ਕਰਨ ਜੋ ਲੰਬੇ ਸਮੇਂ ਤੱਕ ਸਾਨੂੰ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਦਿਵਾਉਂਦਾ ਰਹੇ ਤੇ ਉਨ੍ਹਾਂ ਨੂੰ ਖੁਸ਼ੀ ਹੈ ਇਸ ਸਟੇਡੀਅਮ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਮੌਕੇ ਐੱਸਡੀਐੱਮ ਆਦਮਪੁਰ ਵਿਵੇਕ ਕੁਮਾਰ ਮੋਦੀ ਨੇ ਪਿੰਡ ਡਮੁੰਡਾ ਦੀ ਪੰਚਾਇਤ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਪਾਸੋਂ ਪਿੰਡ ਦੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲਈ।