ਐੱਸਡੀਐੱਮ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ
ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਸੁਚੇਤ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀ ਅਗਵਾਈ ਵਿੱਚ ਚੱਲ ਰਹੀ ਮੁਹਿੰਮ ਨੂੰ ਸੁਨਾਮ ਊਧਮ ਸਿੰਘ ਵਾਲਾ ਸਬ-ਡਿਵੀਜ਼ਨ ਵਿੱਚ ਸੰਜੀਦਗੀ ਨਾਲ ਲਾਗੂ ਕਰਦਿਆਂ ਐੱਸਡੀਐੱਮ ਪ੍ਰਮੋਦ ਸਿੰਗਲਾ ਵੱਲੋਂ ਅੱਜ ਖੇਤਾਂ ਵਿੱਚ ਲੱਗੀ ਅੱਗ ਬੁਝਾਈ।
ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਸ਼ੇਰੋਂ-ਅਮਰੂ ਕੋਟੜਾ ਸੜਕ ’ਤੇ ਲੱਗੀ ਅੱਗ ਬੁਝਾਉਣ ਦੇ ਨਾਲ-ਨਾਲ ਮੌਕੇ ’ਤੇ ਹੀ ਕਿਸਾਨ ਨੂੰ ਪਰਾਲੀ ਖੇਤ ਵਿੱਚ ਵਾਹ ਕੇ ਕਣਕ ਦੀ ਫ਼ਸਲ ਬੀਜਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਾਲੀ ਖੇਤ ਵਿੱਚ ਮਿਲਾਉਣ ਦੇ ਫਾਇਦੇ ਜਾਣਨ ਤੋਂ ਬਾਅਦ ਕਿਸਾਨ ਵੱਲੋਂ ਸੁਪਰਸੀਡਰ ਨਾਲ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨ ਦੀ ਸਿਹਤ ਅਤੇ ਉਸ ਦੀ ਜ਼ਮੀਨ ਦਾ ਹੁੰਦਾ ਹੈ। ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਚੰਗੀ ਫਸਲ ਲਈ ਜ਼ਮੀਨ ਵਿਚ ਲੋੜੀਂਦੇ ਜ਼ਰੂਰੀ ਤੱਤ ਮਰ ਜਾਂਦੇ ਹਨ, ਜਿਸ ਦਾ ਫਸਲ ਦੇ ਝਾੜ ’ਤੇ ਸਿੱਧਾ ਅਸਰ ਪੈਂਦਾ ਹੈ।