ਐੱਸਡੀਐੱਮ ਨੇ ਕੈਂਪ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਰਤੀਆ, 23 ਜੁਲਾਈ
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਅੱਜ ਮਿਨੀ ਸਕੱਤਰੇਤ ਦੇ ਆਡੀਟੋਰੀਅਮ ’ਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਮੱਸਿਆ ਹੱਲ ਕੈਂਪ ਵਿੱਚ ਆਏ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਕੰਮ ਕਰਨ। ਕੈਂਪ ਵਿੱਚ 8 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 4 ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਗਿਆ। ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਿਕਾਇਤਕਰਤਾਵਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਜਾਵੇ, ਤਾਂ ਜੋ ਉਹ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਜਲਦੀ ਲੈ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ। ਕਿਸੇ ਵੀ ਵਿਭਾਗ ਕੋਲ ਕੋਈ ਵੀ ਸ਼ਿਕਾਇਤ ਪੈਂਡਿੰਗ ਨਹੀਂ ਹੋਣੀ ਚਾਹੀਦੀ, ਸ਼ਿਕਾਇਤਾਂ ਦੇ ਨਿਬੇੜੇ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਮੌਕੇ ’ਤੇ ਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਲੋਕਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਡੀਐੱਸਪੀ ਸੰਜੈ ਬਿਸ਼ਨੋਈ, ਤਹਿਸੀਲਦਾਰ ਵਿਜੈ ਕੁਮਾਰ, ਨਗਰਪਾਲਿਕਾ ਸਕੱਤਰ ਸੰਦੀਪ ਭੁੱਕਲ, ਬਲਾਕ ਸਿੱਖਿਆ ਅਫਸਰ ਅਨੀਤਾ ਬਾਈ, ਐੱਮਈ ਸੁਨੀਲ ਲਾਂਬਾ, ਡਿਪਟੀ ਸੁਪਰਡੈਂਟ ਓਮ ਪ੍ਰਕਾਸ਼, ਜ਼ੋਨਲ ਮੈਨੇਜਰ ਕਮਲਦੀਨ, ਗੁਰਮੀਤ ਸਿੰਘ, ਨਰਿੰਦਰ, ਜੇਈ ਗੁਲਸ਼ਨ ਕੁਮਾਰ, ਸੂਰਜਭਾਨ, ਪਵਨ ਕੁਮਾਰ, ਮਨਜੀਤ ਕੌਰ, ਕਮਲਜੀਤ, ਸਾਹਿਲ ਗੋਸਵਾਮੀ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।