ਇਲਿਆਨਾ ਦੇ ਘਰ ਗੂੰਜੀਆਂ ਕਿਲਕਾਰੀਆਂ
ਮੁੰਬਈ: ਬੌਲੀਵੁੱਡ ਅਦਾਕਾਰਾ ਇਲਿਆਨਾ ਡੀ’ਕਰੂਜ਼ ਮਾਂ ਬਣ ਗਈ ਹੈ। ਉਸ ਦੇ ਘਰ ਆਪਣੇ ਲੜਕੇ ਨੇ ਜਨਮ ਲਿਆ ਹੈ, ਜਿਸ ਦਾ ਨਾਂ ਕੋਆ ਫੀਨਿਕਸ ਡੋਲਨ ਰੱਖਿਆ ਗਿਆ ਹੈ। ‘ਬਰਫੀ’, ‘ਰੁਸਤਮ’ ਅਤੇ ‘ਮੈਂ ਤੇਰਾ ਹੀਰੋ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਇਲਿਆਨਾ ਨੇ ਇੰਸਟਾਗ੍ਰਾਮ ’ਤੇ ਆਪਣੇ ਨਵਜੰਮੇ ਪੁੱਤਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਫੀਨਿਕਸ ਦੀ ਜਨਮ ਮਿਤੀ ਪਹਿਲੀ ਅਗਸਤ ਦਰਸਾਈ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ, ਅਸੀਂ ਆਪਣੇ ਲੜਕੇ ਦਾ ਨਵੀਂ ਦੁਨੀਆ ਵਿਚ ਆਉਣ ’ਤੇ ਸਵਾਗਤ ਕਰਦੇ ਹਾਂ ਤੇ ਸਾਡੇ ਕੋਲ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਹਨ।’ 36 ਸਾਲਾ ਅਦਾਕਾਰਾ ਨੇ ਇਸ ਸਾਲ ਅਪਰੈਲ ’ਚ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ ਅਤੇ ਹਾਲ ਹੀ ’ਚ ਆਪਣੇ ਸਾਥੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ ਪਰ ਉਸ ਨੇ ਆਪਣੇ ਪਤੀ ਦੀ ਪਛਾਣ ਹਾਲੇ ਤਕ ਜਨਤਕ ਨਹੀਂ ਕੀਤੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਕਿਹਾ ਗਿਆ ਹੈ ਕਿ ਉਸ ਦੇ ਪਤੀ ਦਾ ਮੈਰਿਜ ਸਰਟੀਫਿਕੇਟ ਵਿਚ ਨਾਂ ਮਾਈਕਲ ਡੋਲਨ ਹੈ। ਇਸ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਨੇ ਇਸ ਸਾਲ 13 ਮਈ ਨੂੰ ਵਿਆਹ ਕੀਤਾ ਸੀ। ਦੱਸਣਾ ਬਣਦਾ ਹੈ ਕਿ ਇਲਿਆਨਾ ਦਾ ਜਨਮ ਮੁੰਬਈ ਵਿਚ ਹੋਇਆ ਸੀ ਤੇ ਉਸ ਨੇ ਆਪਣਾ ਬਚਪਨ ਤੋਂ ਲੈ ਕੇ ਕਾਲਜ ਤਕ ਦਾ ਸਮਾਂ ਗੋਆ ਵਿਚ ਗੁਜ਼ਾਰਿਆ। ਇਸ ਤੋਂ ਬਾਅਦ ਉਹ ਕੁਝ ਸਮਾਂ ਪੁਰਤਗਾਲ ਵੀ ਰਹੀ। -ਪੀਟੀਆਈ