ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਚ ਵਹੁਟੀਆਂ

08:39 AM Jul 20, 2024 IST

ਹਰੀ ਕ੍ਰਿਸ਼ਨ ਮਾਇਰ

Advertisement

ਬਰਸਾਤ ਦੇ ਦਿਨ ਸਨ। ਆਕਾਸ਼ ਵਿੱਚ ਨਿਲੱਤਣ ਨਿੱਖਰ ਆਈ ਸੀ। ਘਾਹ ’ਤੇ ਜਲ ਬੂੰਦਾਂ ਸਹਿਜੇ ਹੀ ਅਟਕੀਆਂ ਹੋਈਆਂ ਸਨ। ਪੋਲੀ ਮਿੱਟੀ ’ਤੇ ਮਖਮਲੀ ਚੀਚ ਵਹੁਟੀਆਂ ਤੁਰਦੀਆਂ ਨਜ਼ਰ ਆ ਰਹੀਆਂ ਸਨ। ਪ੍ਰੀਤੀ ਅਤੇ ਜੀਤੀ ਵਾਰ ਵਾਰ ਉਨ੍ਹਾਂ ਦੇ ਮਖਮਲੀ ਵਾਲਾਂ ਉੱਪਰ ਉਂਗਲੀਆਂ ਫੇਰਦੀਆਂ। ਚੀਚ ਵਹੁਟੀਆਂ ਨਿੱਕੇ ਪੈਰਾਂ ਨੂੰ ਅੰਦਰ ਨੂੰ ਸਿਕੋੜ ਲੈਂਦੀਆਂ। ਅਹਿੱਲ ਹੋ ਜਾਂਦੀਆਂ, ਜਿਵੇਂ ਬੇਜਾਨ ਹੋਣ। ਥੋੜ੍ਹੀ ਦੇਰ ਚੁੱਪ ਵਰਤਦੀ, ਉਹ ਫਿਰ ਘਾਹ ’ਤੇ ਤੁਰਨ ਲੱਗ ਪੈਂਦੀਆਂ ਸਨ। ਅੱਜ ਕਿੰਨੀਆਂ ਹੀ ਚੀਚ ਵਹੁਟੀਆਂ ਬੜੀ ਦੇਰ ਪਿੱਛੋਂ ਘਾਹ ’ਤੇ ਤੁਰਦੀਆਂ ਦੇਖੀਆਂ ਸਨ। ਜੀਤੀ ਨਾਲੋਂ ਪ੍ਰੀਤੀ ਵੱਡੀ ਸੀ ਅਤੇ ਸਮਝਦਾਰ ਵੀ। ਜੀਤੀ ਤਾਂ ਮਾਚਿਸ ਦੀ ਖਾਲੀ ਡੱਬੀ ਵੀ ਚੁੱਕ ਲਿਆਈ ਸੀ। ਬਗ਼ੀਚੇ ਵਿੱਚ ਪੜ੍ਹਨ ਲਈ ਪ੍ਰੀਤੀ ਆਪਣੇ ਨਾਲ ਕਿਤਾਬ ਵੀ ਲੈ ਆਈ ਸੀ। ਉਹ ਤਾਂ ਇੱਕ ਰੁੱਖ ਥੱਲੇ ਬੈਠੀ ਪੜ੍ਹਨ ਵਿੱਚ ਰੁੱਝ ਗਈ ਸੀ। ਜੀਤੀ ਤਰ੍ਹਾਂ ਤਰ੍ਹਾਂ ਦੇ ਸਵਾਲ ਪ੍ਰੀਤੀ ਕੋਲੋਂ ਪੁੱਛੀ ਜਾ ਰਹੀ ਸੀ:
“ਦੀਦੀ, ਇਹ ਚੀਚ-ਵਹੁਟੀਆਂ ਦਾ ਕੋਈ ਹੋਰ ਨਾਂ ਵੀ ਲੈਂਦੀ ਸੀ ਮੰਮੀ?”
“ਇਨ੍ਹਾਂ ਨੂੰ ਵੀਰ ਵਹੁਟੀਆਂ ਵੀ ਕਹਿੰਦੇ ਹਨ।”
“ਦੀਦੀ! ਵੀਰ ਵਹੁਟੀਆਂ ਕਿਉਂ ਕਹਿੰਦੇ ਹਨ?”
“ਜਦ ਆਪਣਾ ਵੀਰ ਵਿਆਹਿਆ ਸੀ, ਉਸ ਦੀ ਵਹੁਟੀ ਕਿੰਨੀ ਸੋਹਣੀ ਲੱਗਦੀ ਸੀ?” ਪ੍ਰੀਤੀ ਨੇ ਜੀਤੀ ਨੂੰ ਪੁੱਛਿਆ।
“ਦੀਦੀ ਭਾਬੀ ਲਾਲ ਸੂਟ ਵਿੱਚ ਬੜੀ ਸੋਹਣੀ ਲੱਗਦੀ ਸੀ। ਪੋਲੇ ਪੋਲੇ ਪੈਰ ਜ਼ਮੀਨ ’ਤੇ ਧਰਦੀ ਸੀ।” ਜੀਤੀ ਨੇ ਚੇਤੇ ਕਰਦਿਆਂ ਕਿਹਾ।
“ਬਿਲਕੁਲ ਇਸ ਚੀਚ ਵਹੁਟੀ ਵਾਂਗੂ!”, ਪ੍ਰੀਤੀ ਨੇ ਸਪੱਸ਼ਟ ਕਰਦਿਆਂ ਕਿਹਾ।
“ਹਾਂ ਦੀਦੀ, ਭਾਬੀ ਵਾਂਗੂ ਹੀ ਤੁਰਦੀਆਂ ਨੇ।” ਜੀਤੀ ਨੇ ਜੋਸ਼ ਵਿੱਚ ਆ ਕੇ ਕਿਹਾ।
ਪ੍ਰੀਤੀ ਮੁੜ ਕਿਤਾਬ ਪੜ੍ਹਨ ਲੱਗ ਪਈ ਪਰ ਜੀਤੀ ਮੁੜ ਚੀਚ ਵਹੁਟੀਆਂ ਦੁਆਲੇ ਹੋ ਗਈ ਸੀ। ਅੱਖ ਬਚਾ ਕੇ ਜੀਤੀ ਨੇ ਚਾਰ ਪੰਜ ਚੀਚ ਵਹੁਟੀਆਂ ਚੁੱਕ ਕੇ ਮਾਚਿਸ ਦੀ ਖਾਲੀ ਡੱਬੀ ਵਿੱਚ ਬੰਦ ਕਰ ਲਈਆਂ ਸਨ। ਡੱਬੀ ਲੁਕੋ ਕੇ ਖੀਸੇ ਵਿੱਚ ਪਾ ਲਈ ਸੀ। ਚੋਰ ਅੱਖ ਨਾਲ ਪ੍ਰੀਤੀ ਉਸ ਨੂੰ ਦੇਖ ਰਹੀ ਸੀ।
“ਮੈਨੂੰ ਪਤਾ ਲੱਗ ਗਿਆ, ਤੂੰ ਮਖਮਲੀ ਵਹੁਟੀਆਂ ਨੂੰ ਡੱਬੀ ਵਿੱਚ ਬੰਦ ਕਰ ਲਿਆ ਹੈ।” ਪ੍ਰੀਤੀ ਨੇ ਜੀਤੀ ਨੂੰ ਆਵਾਜ਼ ਮਾਰੀ।
“ਊਂ ਊਂ... ਦੀਦੀ ਮੈਨੂੰ ਸੋਹਣੀਆਂ ਲੱਗਦੀਆਂ ਨੇ।” ਜੀਤੀ ਬੋਲੀ।
“ਸੋਹਣੀਆਂ ਲੱਗਦੀਆਂ ਤਾਂ ਇਨ੍ਹਾਂ ਦੀ ਮੌਜ ਵਿੱਚ ਵਿਘਨ ਪਾ ਕੇ ਤੈਨੂੰ ਕੀ ਲੱਭੇਗਾ?” ਪ੍ਰੀਤੀ ਨੇ ਪੁੱਛਿਆ।
“ਘਰੇ ਮੰਮੀ ਨੂੰ ਦਿਖਾਵਾਂਗੀ। ਉਹ ਬੜੀ ਖ਼ੁਸ਼ ਹੋਵੇਗੀ।” ਜੀਤੀ ਨੇ ਦਲੀਲ ਦਿੱਤੀ।
“ਛੋਟੇ ਛੋਟੇ ਸੁਆਰਥਾਂ ਖ਼ਾਤਰ ਕੁਦਰਤ ਦੇ ਸੋਹਣੇ ਜੀਵਾਂ ਨੂੰ ਤੰਗ ਪਰੇਸ਼ਾਨ ਕਰਨਾ ਕੋਈ ਸਿਆਣਪ ਨਹੀਂ ਹੁੰਦੀ। ਸਗੋਂ ਇਹ ਤਾਂ ਕਾਨੂੰਨ ਦੀਆਂ ਨਜ਼ਰਾਂ ਵਿੱਚ ਜੁਰਮ ਹੈ।” ਪ੍ਰੀਤੀ ਨੇ ਜੀਤੀ ਨੂੰ ਸਮਝਾਇਆ।
“ਦੀਦੀ! ਗੁੱਸੇ ਵਿੱਚ ਤੇਰਾ ਤਾਂ ਚਿਹਰਾ ਲਾਲ ਹੋ ਗਿਆ ਹੈ।” ਜੀਤੀ ਬੋਲੀ।
“ਜੇ ਤੈਨੂੰ ਕੋਈ ਪਿੰਜਰੇ ਵਿੱਚ ਬੰਦ ਕਰ ਲਵੇ ਅਤੇ ਆਪਣੀ ਮਾਂ ਨੂੰ ਦਿਖਾਉਣ ਲਈ ਆਪਣੇ ਘਰ ਲੈ ਜਾਵੇ, ਤੈਨੂੰ ਕਿਵੇਂ ਮਹਿਸੂਸ ਹੋਵੇਗਾ?”
“ਮੇਰੇ ਡੈਡੀ ਧੌਣ ਨਹੀਂ ਫੜ ਲੈਣਗੇ, ਲੈ ਕੇ ਜਾਣ ਵਾਲੇ ਦੀ। ਮੈਨੂੰ ਕੋਈ ਕਿਵੇਂ ਲੈ ਜਾਊਗਾ?” ਜੀਤੀ ਨੇ ਮਾਂ-ਬਾਪ ਦਾ ਰੋਅਬ ਜਤਾਇਆ।
“ਇਨ੍ਹਾਂ ਮਖਮਲੀ ਵਹੁਟੀਆਂ ਦੇ ਮਾਂ-ਬਾਪ ਤੇਰੀ ਧੌਣ ਨਹੀਂ ਫੜ ਸਕਦੇ। ਤਾਂ ਹੀ ਤੂੰ ਬੇਖੌਫ਼ ਇਨ੍ਹਾਂ ਨੂੰ ਡੱਬੀ ਵਿੱਚ ਬੰਦ ਕਰਕੇ ਘਰ ਲੈ ਚੱਲੀ ਏਂ।” ਪ੍ਰੀਤੀ ਨੇ ਪੁੱਛਿਆ।
“ਲੈ, ਇਹ ਕਿਹੜਾ ਇਨਸਾਨ ਹੁੰਦੀਆਂ ਨੇ, ਕੀ ਫ਼ਰਕ ਪੈਂਦੈ?” ਜੀਤੀ ਬੋਲੀ।
“ਚੀਚ ਵਹੁਟੀਆਂ ਤੁਹਾਨੂੰ ਪਲ ਭਰ ਦੀ ਖ਼ੁਸ਼ੀ ਦੇ ਗਈਆਂ ਹਨ। ਕੀ ਐਨਾ ਹੀ ਕਾਫ਼ੀ ਨਹੀਂ?” ਪ੍ਰੀਤੀ ਨੇ ਦਲੀਲ ਦਿੱਤੀ।
ਜੀਤੀ ਚੁੱਪ ਕਰਕੇ ਪ੍ਰੀਤੀ ਦੇ ਮੂੰਹ ਵੱਲ ਦੇਖਦੀ ਰਹੀ।
“ਹੁਣ ਤੂੰ ਇਨ੍ਹਾਂ ’ਤੇ ਕਬਜ਼ਾ ਜਮਾਉਣੈਂ?” ਪ੍ਰੀਤੀ ਮੁੜ ਬੋਲੀ। ਇੰਨੇ ਨੂੰ ਉਨ੍ਹਾਂ ਦੀ ਮੰਮੀ ਵੀ ਬਗ਼ੀਚੇ ਵਿੱਚ ਆ ਗਈ ਸੀ। ਜੀਤੀ ਮਾਚਿਸ ਦੀ ਡੱਬੀ ਲੈ ਕੇ ਮੰਮੀ ਵੱਲ ਦੌੜੀ। ਉਹ ਬੰਦ ਡੱਬੀ ਖੋਲ੍ਹ ਕੇ ਚੀਚ ਵਹੁਟੀਆਂ ਆਪਣੀ ਮੰਮੀ ਨੂੰ ਦਿਖਾਉਣ ਲੱਗੀ।
“ਦੇਖੋ ਮੰਮੀ! ਹੱਥ ਫੇਰੋ, ਹੈ ਨਾ ਗੁਦਗੁਦੀਆਂ?” ਜੀਤੀ ਨੇ ਕਿਹਾ।
“ਗੁਦਗੁਦੀਆਂ ਤਾਂ ਹੈਗੀਆਂ, ਜੀਤੀ ਤੂੰ ਇਨ੍ਹਾਂ ਨੂੰ ਡੱਬੀ ਵਿੱਚ ਕਿਉਂ ਬੰਦ ਕੀਤਾ ਹੈ?” ਮੰਮੀ ਨੇ ਪੁੱਛਿਆ।
“ਥੋਨੂੰ ਦਿਖਾਉਣ ਲਈ।” ਜੀਤੀ ਬੋਲੀ।
“ਮੈਂ ਤਾਂ ਤੁਹਾਡੇ ਪਾਪਾ ਨੂੰ ਖੇਤ ਵਿੱਚ ਰੋਟੀ ਦੇਣ ਆਉਂਦੀ ਹਾਂ, ਇਸ ਲਈ ਮੈਂ ਤਾਂ ਇਨ੍ਹਾਂ ਨੂੰ ਰੋਜ਼ ਹੀ ਦੇਖਦੀ ਹਾਂ।” ਮੰਮੀ ਨੇ ਦੱਸਿਆ।
“ਅੱਛਾ... ਤੁਸੀਂ ਇਨ੍ਹਾਂ ਬਾਰੇ ਕਦੀ ਕੋਈ ਗੱਲ ਤਾਂ ਸਾਡੇ ਨਾਲ ਕੀਤੀ ਨਹੀਂ।” ਜੀਤੀ ਨੇ ਸਵਾਲ ਕੀਤਾ।
“ਕੁਦਰਤ ਦਾ ਸੁਹੱਪਣ ਕੈਦ ਕਰਨ ਲਈ ਨਹੀਂ ਹੁੰਦਾ। ਮਹਿਸੂਸ ਕਰਨ ਲਈ ਹੁੰਦੈ।” ਮਾਂ ਨੇ ਲੰਬਾ ਸਾਹ ਲਿਆ। ਖੇਤਾਂ ਦੇ ਪਰਲੇ ਕੰਢੇ ਆਕਾਸ਼ ਵਿੱਚ ਬੁੱਢੀ ਮਾਈ ਨੇ ਰੰਗਾਂ ਦੀ ਪੀਂਘ ਪਾਈ ਹੋਈ ਸੀ। ਰੁੱਖਾਂ ਦੇ ਪੱਤੇ ਹਿੱਲਦੇ ਤਾਂ ਰੰਗ ਪੱਤਿਆਂ ਨਾਲ ਕਲੋਲ ਕਰਦੇ ਲੱਗਦੇ ਸਨ।
“ਔਹ ਦੇਖੋ, ਮੰਮੀ ਕਿੰਨੇ ਸੋਹਣੇ ਰੰਗ ਹਨ, ਸਤਰੰਗੀ ਦੇ?” ਜੀਤੀ ਬੋਲੀ।
“ਇਨ੍ਹਾਂ ਨੂੰ ਵੀ ਘਰੇ ਲੈ ਚੱਲੀਏ ਡੱਬੀ ਵਿੱਚ ਬੰਦ ਕਰਕੇ?” ਮੰਮੀ ਨੇ ਜੀਤੀ ਨੂੰ ਸੁਣਾ ਕੇ ਕਿਹਾ।
“ਇਹ ਤਾਂ ਦੂਰ ਦੁਰਾਡੇ ਬੜੇ ਉੱਚੇ ਹਨ।” ਜੀਤੀ ਨੇ ਮਜਬੂਰੀ ਜਤਾਈ।
“ਕਮਲੀਏ ਜੀਤੀਏ! ਰੰਗਾਂ ਨੇ ਸਾਨੂੰ ਤਰੋ-ਤਾਜ਼ਾ ਕਰ ਦਿੱਤਾ ਹੈ। ਰੰਗ ਸਾਡੀਆਂ ਅੱਖਾਂ ਨੂੰ ਠੰਢਕ ਦੇ ਰਹੇ ਹਨ। ਕੀ ਏਨਾ ਹੀ ਕਾਫ਼ੀ ਨਹੀਂ?’’ ਮਾਂ ਨੇ ਜੀਤੀ ਨੂੰ ਸਮਝਾਇਆ।
“ਚੀਚ ਵਹੁਟੀਆਂ ਵੀ ਕੁਦਰਤ ਨੇ ਮਨੁੱਖ ਨੂੰ ਸੁੱਖ ਦੇਣ ਲਈ ਹੀ ਬਣਾਈਆਂ ਹੋਣੀਆਂ ਨੇ।” ਪ੍ਰੀਤੀ ਨੇ ਮੰਮੀ ਵੱਲ ਆਉਂਦਿਆਂ ਕਿਹਾ।
“ਚੱਲ ਫਿਰ ਜੀਤੀ ਇਨ੍ਹਾਂ ਨੂੰ ਡੱਬੀ ਵਿੱਚੋਂ ਬਾਹਰ ਕੱਢ ਅਤੇ ਇਨ੍ਹਾਂ ਗ਼ਰੀਬੜੀਆਂ ਨੂੰ ਘਾਹ ’ਤੇ ਉਸੇ ਥਾਂ ’ਤੇ ਛੱਡ ਕੇ ਆ, ਜਿੱਥੋਂ ਤੂੰ ਇਨ੍ਹਾਂ ਨੂੰ ਫੜ ਕੇ ਲਿਆਈ ਸੀ।” ਮੰਮੀ ਨੇ ਜੀਤੀ ਨੂੰ ਥੋੜ੍ਹੀ ਸਖ਼ਤੀ ਨਾਲ ਕਿਹਾ।
“ਇਨ੍ਹਾਂ ਨੂੰ ਵੀ ਕੋਈ ਘਰੇ ਉਡੀਕਦਾ ਹੋਊਗਾ।” ਪ੍ਰੀਤੀ ਬੋਲੀ।
ਜੀਤੀ ਦਾ ਤਾਂ ਮੂੰਹ ਹੀ ਉਤਰ ਗਿਆ ਸੀ। ਉਹ ਚੀਚ ਵਹੁਟੀਆਂ ਨੂੰ ਘਰੇ ਲਿਜਾਣਾ ਚਾਹੁੰਦੀ ਸੀ ਤਾਂ ਕਿ ਗਲੀ ਗੁਆਂਢ ਦੇ ਬੱਚਿਆਂ ਨੂੰ ਦਿਖਾ ਸਕੇ। ਉਸ ਨੇ ਖੀਸੇ ਵਿੱਚੋਂ ਭਰੇ ਮਨ ਨਾਲ ਮਾਚਿਸ ਦੀ ਡੱਬੀ ਕੱਢੀ ਅਤੇ ਚੀਚ ਵਹੁਟੀਆਂ ਨੂੰ ਘਾਹ ਉੱਪਰ ਛੱਡ ਆਈ। ਚੀਚ ਵਹੁਟੀਆਂ ਪਲ ਭਰ ਲਈ ਗੁੱਛਾ ਮੁੱਛਾ ਹੋਈਆਂ ਪਰ ਜਲਦੀ ਹੀ ਪੋਲੇ ਪੈਰੀਂ ਘਾਹ ’ਤੇ ਤੁਰਨ ਲੱਗੀਆਂ। ਹੌਲੀ ਹੌਲੀ ਮਖਮਲੀ ਵਹੁਟੀਆਂ ਜੀਤੀ ਤੋਂ ਦੂਰ ਜਾ ਰਹੀਆਂ ਸਨ। ਜੀਤੀ ਟਿਕ-ਟਿਕੀ ਲਗਾ ਕੇ ਉਨ੍ਹਾਂ ਵੱਲ ਦੇਖੀ ਜਾ ਰਹੀ ਸੀ।
ਸੰਪਰਕ: 97806-67686

Advertisement
Advertisement