ਬੱਸ ਦੀ ਫੇਟ ਲੱਗਣ ਕਾਰਨ ਸਕੂਟੀ ਸਵਾਰ ਦੀ ਮੌਤ, ਔਰਤ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਅਗਸਤ
ਇਥੋਂ ਦੇ ਨੈਸ਼ਨਲ ਹਾਈਵੇਅ ਨੌਂ ’ਤੇ ਰੋਡਵੇਜ਼ ਦੀ ਬੱਸ ਨੇ ਸਕੂਟੀ ਨੂੰ ਦਰੜ ਦਿੱਤਾ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਹਿਸਾਰ ਰੈਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਭਗਵਾਨ ਵਜੋਂ ਹੋਈ ਹੈ।
ਫਰੈਂਡਜ਼ ਕਲੋਨੀ ਵਾਸੀ ਹਰਭਗਵਾਨ ਤੇ ਇਸੇ ਕਲੋਨੀ ਦੀ ਰਹਿਣ ਵਾਲੀ ਸੁਦੇਸ਼ ਨਾਂ ਦੀ ਮਹਿਲਾ ਸਕੂਟੀ ’ਤੇ ਸਵਾਰ ਹੋ ਕੇ ਸਿਕੰਦਰਪੁਰ ਸਥਿਤ ਰਾਧਾਸਵਾਮੀ ਸਤਿਸੰਗ ਘਰ ਗਏ ਸਨ। ਜਦੋਂ ਉਹ ਸਤਿਸੰਗ ਘਰ ਤੋਂ ਵਾਪਸ ਸਿਰਸਾ ਆ ਰਹੇ ਸਨ ਤਾਂ ਪੰਜਾਬ ਮੈਰਿਜ ਪੈਲੇਸ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਨੇ ਸਕੂਟੀ ਸਵਾਰ ਨੂੰ ਫੇਟ ਮਾਰ ਦਿੱਤੀ। ਇਸ ਨਾਲ ਸਕੂਟੀ ਬੱਸ ਹੇਠ ਆ ਗਈ ਤੇ ਕਈ ਦੂਰ ਤੱਕ ਬੱਸ ਸਕੂਟੀ ਨੂੰ ਘਸੀਟਦੀ ਲੈ ਗਈ। ਸਕੂਟੀ ’ਤੇ ਸਵਾਰ ਦੋਵਾਂ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਹਰਭਗਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੀ ਸਥਿਤੀ ਨਾਜ਼ੁਕ ਹੋਣ ਕਾਰਨ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਰਮੀ ਕਾਰਨ ਰੇਲ ਯਾਤਰੀ ਦੀ ਮੌਤ
ਬਠਿੰਡਾ (ਪੱਤਰ ਪ੍ਰੇਰਕ): ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪੁਲ ’ਤੇ ਰੇਲ ਯਾਤਰੀ ਬੇਹੋਸ਼ ਹੋ ਗਿਆ, ਜਿਸ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵੱਲੋਂ ਬੇਹੋਸ਼ੀ ਦੀ ਹਾਲਤ ਵਿਅਕਤੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ। ਇਸ ਦੌਰਾਨ ਡਾਕਟਰਾਂ ਨੇ ਉਸ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਹਾਰਾ ਟੀਮ ਨੇ ਦੱਸਿਆ ਵਿਅਕਤੀ ਦੀ ਗਰਮੀ ਕਾਰਨ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (65) ਪੁੱਤਰ ਬਲਦੇਵ ਸਿੰਘ ਵਾਸੀ ਸੰਗਰੀਆ ਵਜੋਂ ਹੋਈ ਹੈ।