ਐੱਸਸੀਓ ਸੰਮੇਲਨ: ਡੋਵਾਲ ਨੇ ਸਰਹੱਦ ਪਾਰਲੇ ਅਤਿਵਾਦ ’ਤੇ ਚਿੰਤਾ ਜਤਾਈ
ਅਸਤਾਨਾ, 3 ਅਪਰੈਲ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅਤਿਵਾਦ ਦੇ ਖ਼ਤਰੇ ਨਾਲ ਸਿੱਝਣ ’ਚ ਦੋਹਰੇ ਮਾਪਦੰਡ ਛੱਡਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਤਿਵਾਦ ਦੇ ਸਾਜ਼ਿਸ਼ਘਾੜਿਆਂ ਨਾਲ ਪ੍ਰਭਾਵੀ ਢੰਗ ਅਤੇ ਤੇਜ਼ੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਇਕ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਖ-ਵੱਖ ਅਤਿਵਾਦੀ ਗੁੱਟਾਂ ਨੂੰ ਪਾਕਿਸਤਾਨ ਦੀ ਲਗਾਤਾਰ ਹਮਾਇਤ ਵਿਚਕਾਰ ਆਪਣੀ ਟਿੱਪਣੀ ’ਚ ਅਤਿਵਾਦ ਦੇ ਸਪਾਂਸਰਾਂ, ਵਿੱਤੀ ਮਦਦ ਕਰਨ ਵਾਲਿਆਂ ਅਤੇ ਹੋਰਾਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ਜਤਾਈ। ਸੂਤਰਾਂ ਨੇ ਕਿਹਾ ਕਿ ਡੋਵਾਲ ਨੇ ਐੱਸਸੀਓ ਖ਼ਿੱਤੇ ’ਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਅਲ ਕਾਇਦਾ ਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਤੇ ਇਸਲਾਮਿਕ ਸਟੇਟ ਸਮੇਤ ਵੱਖ-ਵੱਖ ਅਤਿਵਾਦੀ ਗੁੱਟਾਂ ਵੱਲੋਂ ਪੈਦਾ ਖ਼ਤਰੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਭਾਰਤ ਦੂਜੇ ਮੁਲਕਾਂ ਨਾਲ ਵਪਾਰ ਅਤੇ ਸੰਪਰਕ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅਜਿਹੀ ਪਹਿਲ ਐੱਸਸੀਓ ਮੈਂਬਰ ਮੁਲਕਾਂ ਦੀ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਨੂੰ ਧਿਆਨ ’ਚ ਰੱਖ ਕੇ ਹੋਣੀ ਚਾਹੀਦੀ ਹੈ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਚੀਨ ਦੀ ਪੱਟੀ ਅਤੇ ਸੜਕ ਪਹਿਲ (ਬੀਆਰਆਈ) ਯੋਜਨਾ ’ਚ ਪਾਰਦਰਸ਼ਤਾ ਦੀ ਘਾਟ ਅਤੇ ਮੁਲਕਾਂ ਦੀ ਖੁਦਮੁਖਤਿਆਰੀ ਨੂੰ ਅਣਗੌਲਿਆ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨਐੱਸਏ ਨੇ 22 ਮਾਰਚ ਨੂੰ ਮਾਸਕੋ ਦੇ ਕ੍ਰੋਕਸ ਸਿਟੀ ਹਾਲ ’ਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਡੋਵਾਲ ਨੇ ਰੂਸ ਦੇ ਐੱਨਐੱਸਏ ਪੈਤਰੂਸ਼ੇਵ ਨੂੰ ਸਾਰੇ ਤਰ੍ਹਾਂ ਦੇ ਅਤਿਵਾਦ ਦੇ ਖ਼ਤਰਿਆਂ ਨਾਲ ਸਿੱਝਣ ਲਈ ਰੂਸੀ ਸਰਕਾਰ ਅਤੇ ਲੋਕਾਂ ਨਾਲ ਭਾਰਤ ਦੀ ਇਕਜੁੱਟਤਾ ਤੋਂ ਜਾਣੂ ਕਰਵਾਇਆ। ਸੂਤਰਾਂ ਮੁਤਾਬਕ ਡੋਵਾਲ ਨੇ ਕਿਹਾ ਕਿ ਸਰਹੱਦ ਪਾਰਲੇ ਅਤਿਵਾਦ ਸਮੇਤ ਕਿਤੇ ਵੀ, ਕਿਸੇ ਵੀ ਵੱਲੋਂ, ਕਿਸੇ ਵੀ ਉਦੇਸ਼ ਨਾਲ ਅੰਜਾਮ ਦਿੱਤੇ ਗਏ ਅਤਿਵਾਦੀ ਕਾਰੇ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਅਤਿਵਾਦ ’ਚ ਸ਼ਾਮਲ ਸਾਜ਼ਿਸ਼ਘਾੜਿਆਂ ਨਾਲ ਅਸਰਦਾਰ ਢੰਗ ਅਤੇ ਫੌਰੀ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਨੂੰ ਵਿੱਤੀ ਸਹਾਇਤਾ ਦੇਣ ਵਾਲਿਆਂ ਦੇ ਟਾਕਰੇ ਲਈ ਆਰਏਟੀਐੱਸ-ਐੱਸਸੀਓ ਤਹਿਤ ਸਹਿਯੋਗ ਲਈ ਢੁੱਕਵੇਂ ਢਾਂਚੇ ਦੇ ਨਿਰਮਾਣ ਦੀ ਹਮਾਇਤ ਕਰਦਾ ਹੈ। ਡੋਵਾਲ ਨੇ ਅਫ਼ਗਾਨਿਸਤਾਨ ’ਚ ਅਤਿਵਾਦੀ ਨੈੱਟਵਰਕ ਦੀ ਲਗਾਤਾਰ ਮੌਜੂਦਗੀ ਸਮੇਤ ਸੁਰੱਖਿਆ ਹਾਲਾਤ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਗੁਆਂਢੀ ਵਜੋਂ ਭਾਰਤ ਦੇ ਅਫ਼ਗਾਨਿਸਤਾਨ ’ਚ ਜਾਇਜ਼ ਸੁਰੱਖਿਆ ਅਤੇ ਆਰਥਿਕ ਹਿੱਤ ਹਨ। ਕਜ਼ਾਖ਼ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਡੋਵਾਲ ਨੇ ਕਜ਼ਾਕਿਸਤਾਨ ਨੂੰ ਭਾਰਤ ਵੱਲੋਂ ਪੂਰੀ ਹਮਾਇਤ ਦੇਣ ਦਾ ਵਾਅਦਾ ਕੀਤਾ। -ਪੀਟੀਆਈ