For the best experience, open
https://m.punjabitribuneonline.com
on your mobile browser.
Advertisement

ਐੱਸਸੀਓ: ਖੇਤਰੀ ਸੁਰੱਖਿਆ ੳੁੱਤੇ ਹੋਵੇਗੀ ਚਰਚਾ

07:02 AM Jul 04, 2023 IST
ਐੱਸਸੀਓ  ਖੇਤਰੀ ਸੁਰੱਖਿਆ ੳੁੱਤੇ ਹੋਵੇਗੀ ਚਰਚਾ
Advertisement

* ਵਰਚੁਅਲ ਸੰਮੇਲਨ ’ਚ ਸੰਪਰਕ ਤੇ ਵਪਾਰ ਨੂੰ ਹੁਲਾਰਾ ਦੇਣ ਬਾਰੇ ਚਰਚਾ ਹੋਣ ਦੀ ਸੰਭਾਵਨਾ

ਨਵੀਂ ਦਿੱਲੀ, 3 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੈੱਸਸੀਓ ਮੁਲਕਾਂ ਦੇ ਵਰਚੁਅਲ ਸਿਖ਼ਰ ਸੰਮੇਲਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਹੋਰਾਂ ਆਗੂਆਂ ਦੀ ਮੇਜ਼ਬਾਨੀ ਕਰਨਗੇ। ਇਹ ਸੰਮੇਲਨ ਭਲਕੇ ਹੋਵੇਗਾ ਤੇ ਖੇਤਰੀ ਸੁਰੱਖਿਆ ਉਤੇ ਕੇਂਦਰਤ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਮੌਕੇ ਸੰਪਰਕ ਤੇ ਵਪਾਰ ਨੂੰ ਹੁਲਾਰਾ ਦੇਣ ਦੇ ਤਰੀਕਿਆਂ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਰੂਸ ਵਿਚ ਪ੍ਰਾਈਵੇਟ ਫ਼ੌਜ ਵੈਗਨਰ ਗਰੁੱਪ ਦੀ ਬਗਾਵਤ ਤੋਂ ਬਾਅਦ ਪੂਤਿਨ ਪਹਿਲੀ ਵਾਰ ਕਿਸੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ। ਭਾਰਤ ਦੀ ਅਗਵਾਈ ਵਿਚ ਹੋ ਰਹੇ ਸ਼ੰਘਾਈ ਸਹਿਯੋਗ ਸੰਗਠਨ (ਅੈੱਸਸੀਓ) ਦੇ ਇਸ ਸੰਮੇਲਨ ’ਚ ਇਰਾਨ ਨੂੰ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਸੰਮੇਲਨ ਵਿਚ ਅਫ਼ਗਾਨਿਸਤਾਨ ਦੀ ਸਥਿਤੀ, ਯੂਕਰੇਨ ਸੰਕਟ ਤੇ ਅੈੱਸਸੀਓ ਮੈਂਬਰ ਮੁਲਕਾਂ ਵਿਚਾਲੇ ਸਹਿਯੋਗ ਵਧਾਉਣ ਦੇ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ। ਵਰਚੁਅਲ ਸੰਮੇਲਨ ਨਾਲ ਜੁੜੇ ਸੂਤਰਾਂ ਮੁਤਾਬਕ ਸੰਪਰਕ ਤੇ ਵਪਾਰ ਵਧਾਉਣ ਜਿਹੇ ਮੁੱਦਿਆਂ ’ਤੇ ਵੀ ਇਸ ਮੌਕੇ ਚਰਚਾ ਹੋਵੇਗੀ। ਸੰਮੇਲਨ ਉਸ ਸਮੇਂ ਹੋ ਰਿਹਾ ਜਦ ਭਾਰਤ-ਚੀਨ ਵਿਚਾਲੇ ਤਿੰਨ ਵਰ੍ਹਿਆਂ ਤੋਂ ਲੱਦਾਖ ਵਿਚ ਸਰਹੱਦੀ ਟਕਰਾਅ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਵੀ ਹਾਲ ਹੀ ਵਿਚ ਅਮਰੀਕਾ ਦੇ ਉੱਚ ਪੱਧਰੀ ਦੌਰੇ ਤੋਂ ਪਰਤੇ ਹਨ। ਅੈੱਸਸੀਓ ਗਰੁੱਪ ਵਿਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਸ਼ਾਮਲ ਹਨ। ਇਹ ਇਕ ਤਾਕਤਵਰ ਆਰਥਿਕ ਤੇ ਸੁਰੱਖਿਆ ਗਰੁੱਪ ਹੈ ਜੋ ਖੇਤਰੀ ਹੈ ਪਰ ਰਸੂਖ਼ਵਾਨ ਕੌਮਾਂਤਰੀ ਸੰਗਠਨ ਵਜੋਂ ਉੱਭਰਿਆ ਹੈ। ਭਾਰਤ ਨੇ ਪਿਛਲੇ ਸਾਲ 16 ਸਤੰਬਰ ਨੂੰ ਸਮਰਕੰਦ ਸੰਮੇਲਨ ਵਿਚ ਅੈੱਸਸੀਓ ਦੀ ਅਗਵਾਈ ਸੰਭਾਲੀ ਸੀ। ਇਸ ਸੰਮੇਲਨ ਵਿਚ ਅੈੱਸਸੀਓ ਸਕੱਤਰੇਤ ਤੇ ‘ਰੈਟਜ਼’ (ਖੇਤਰੀ ਅਤਿਵਾਦ-ਵਿਰੋਧੀ ਢਾਂਚਾ) ਦੇ ਮੁਖੀ ਵੀ ਹਿੱਸਾ ਲੈਣਗੇ। ਇਸ ਸੰਮੇਲਨ ਦੇ ਥੀਮ ’ਚ ਅਰਥਚਾਰਾ ਤੇ ਵਪਾਰ, ਸੰਪਰਕ, ਏਕਾ, ਪ੍ਰਭੂਸੱਤਾ ਲਈ ਸਤਿਕਾਰ ਤੇ ਖੇਤਰੀ ਅਖੰਡਤਾ ਅਤੇ ਵਾਤਾਵਰਨ ਜਿਹੇ ਮੁੱਦੇ ਸ਼ਾਮਲ ਹਨ। ਸੰਮੇਲਨ ਲਈ ਛੇ ਕੌਮਾਂਤਰੀ ਤੇ ਖੇਤਰੀ ਸੰਗਠਨਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੰਯੁਕਤ ਰਾਸ਼ਟਰ, ਆਸੀਅਾਨ ਤੇ ਹੋਰ ਸ਼ਾਮਲ ਹਨ। ਭਾਰਤ ਦੀ ਅਗਵਾਈ ’ਚ ਅੈੱਸਸੀਓ ਨੇ ਕਈ ਖੇਤਰਾਂ ’ਚ ਮਹੱਤਵਪੂਰਨ ਗਤੀਵਿਧੀਆਂ ਦੇਖੀਆਂ ਹਨ। ਨਵੀਂ ਦਿੱਲੀ ਨੇ ਅੈੱਸਸੀਓ ’ਚ ਸਹਿਯੋਗ ਲਈ ਪੰਜ ਨਵੇਂ ਥੰਮ੍ਹ ਖੜ੍ਹੇ ਕੀਤੇ ਹਨ ਜੋ ਕਿ ਨਵੇਂ ਉੱਦਮਾਂ ਤੇ ਕਾਢਾਂ, ਰਵਾਇਤੀ ਦਵਾਈਆਂ, ਡਿਜੀਟਲ ਪਸਾਰ, ਨੌਜਵਾਨਾਂ ਨੂੰ ਮੌਕੇ ਦੇਣ ਤੇ ਬੋਧੀ ਵਿਰਾਸਤ ਨਾਲ ਸਬੰਧਤ ਹਨ। ਨਵੇਂ ਉੱਦਮਾਂ ਤੇ ਕਾਢਾਂ ਅਤੇ ਰਵਾਇਤੀ ਦਵਾਈਆਂ ਬਾਰੇ ਵਰਕਿੰਗ ਗਰੁੱਪ ਭਾਰਤ ਦੀ ਪਹਿਲ ਉਤੇ ਬਣਾਏ ਗਏ ਹਨ। ਭਾਰਤ ਨੇ ਇਸ ਸੰਗਠਨ ਤਹਿਤ ਲੋਕਾਂ ਵਿਚਾਲੇ ਰਾਬਤਾ ਵਧਾਉਣ ਉਤੇ ਵੀ ਜ਼ੋਰ ਦਿੱਤਾ ਹੈ। ਭਾਰਤ 2005 ਵਿਚ ਅੈੱਸਸੀਓ ਨਾਲ ਨਿਗਰਾਨ ਮੁਲਕ ਵਜੋਂ ਜੁੜਿਆ ਸੀ। ਇਸ ਤੋਂ ਬਾਅਦ 2017 ਵਿਚ ਇਹ ਪੱਕਾ ਮੈਂਬਰ ਮੁਲਕ ਬਣਿਆ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×